ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਖ਼ਿਲਾਫ਼ ਰਿਸ਼ਵਤਖੋਰੀ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸੀਬੀਆਈ ਵੱਲੋਂ ਵੀਰਵਾਰ ਦੁਪਹਿਰ ਟਰੈਪ ਲਗਾ ਕੇ ਡੀ.ਆਈ.ਜੀ. ਭੁੱਲਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ 40 ਸਥਿਤ ਘਰ ਤੇ ਮੋਹਾਲੀ ਦਫ਼ਤਰ ‘ਤੇ ਰਾਤ ਭਰ ਤਲਾਸ਼ੀ ਚਲਦੀ ਰਹੀ। ਅੱਜ ਉਨ੍ਹਾਂ ਨੂੰ ਵਿਚੋਲਿਆਂ ਸਮੇਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਏਜੰਸੀ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ।
ਸੀਬੀਆਈ ਦੇ ਸੂਤਰਾਂ ਅਨੁਸਾਰ ਤਲਾਸ਼ੀ ਦੌਰਾਨ ਡੀ.ਆਈ.ਜੀ. ਦੇ ਘਰ ਵਿੱਚੋਂ ਕਰੀਬ 7 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ, ਜੋ ਕਿ 3 ਬੈਗਾਂ ਅਤੇ 2 ਬ੍ਰੀਫਕੇਸਾਂ ਵਿੱਚ ਪੈਕ ਸੀ। ਨੋਟਾਂ ਦੀ ਗਿਣਤੀ ਲਈ ਸੀਬੀਆਈ ਨੂੰ ਤੁਰੰਤ ਤਿੰਨ ਕਰੰਸੀ ਕਾਊਂਟਿੰਗ ਮਸ਼ੀਨਾਂ ਮੰਗਵਾਉਣੀਆਂ ਪਈਆਂ। ਇਸ ਤੋਂ ਇਲਾਵਾ, ਵੱਡੀ ਮਾਤਰਾ ਵਿੱਚ ਸੋਨੇ-ਚਾਂਦੀ ਦੇ ਗਹਿਣੇ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਅਤੇ ਇੱਕ ਰਿਵਾਲਵਰ ਵੀ ਜ਼ਬਤ ਕੀਤਾ ਗਿਆ।
ਤਲਾਸ਼ੀ ਦੌਰਾਨ ਸੀਬੀਆਈ ਨੂੰ ਡੀ.ਆਈ.ਜੀ. ਦੀਆਂ ਲਗਭਗ 15 ਜਾਇਦਾਦਾਂ ਅਤੇ ਲਗਜ਼ਰੀ ਵਾਹਨਾਂ ਨਾਲ ਜੁੜੇ ਦਸਤਾਵੇਜ਼ ਵੀ ਹਾਸਲ ਹੋਏ ਹਨ। ਉਨ੍ਹਾਂ ਦੇ ਨਿਵਾਸ ਤੋਂ ਇੱਕ ਬੀਐਮਡਬਲਯੂ, ਇੱਕ ਮਰਸਿਡੀਜ਼ ਕਾਰ ਅਤੇ ਇੱਕ ਬੈਂਕ ਲਾਕਰ ਦੀਆਂ ਚਾਬੀਆਂ ਵੀ ਬਰਾਮਦ ਕੀਤੀਆਂ ਗਈਆਂ। ਟੀਮਾਂ ਰਾਤ ਦੇ ਦੇਰ ਤੱਕ ਸਬੂਤਾਂ ਦੀ ਗਿਣਤੀ ਤੇ ਡੌਕੂਮੈਂਟੇਸ਼ਨ ਕਰਦੀਆਂ ਰਹੀਆਂ।
ਇਹ ਵੀ ਸਾਹਮਣੇ ਆਇਆ ਹੈ ਕਿ ਡੀ.ਆਈ.ਜੀ. ਨੇ ਆਪਣੇ ਇੱਕ ਵਿਚੋਲੇ ਰਾਹੀਂ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਜੇਕਰ ਉਹ ਪੈਸੇ ਨਾ ਦੇਵੇ, ਤਾਂ ਉਸਦੇ ਖ਼ਿਲਾਫ਼ ਪੁਰਾਣੇ ਕੇਸ ਵਿੱਚ ਚਾਰਜਸ਼ੀਟ ਦਾਇਰ ਕਰਨ ਅਤੇ ਨਵਾਂ ਫਰਜ਼ੀ ਕੇਸ ਬਣਾਉਣ ਦੀ ਧਮਕੀ ਦਿੱਤੀ ਗਈ ਸੀ। ਵਪਾਰੀ ਨੇ ਇਸ ਸਾਰੀ ਗੱਲਬਾਤ ਦੀ ਰਿਕਾਰਡਿੰਗ ਸਮੇਤ ਸੀਬੀਆਈ ਨੂੰ ਸ਼ਿਕਾਇਤ ਕੀਤੀ, ਜਿਸ ’ਤੇ ਕਾਰਵਾਈ ਕਰਦਿਆਂ ਏਜੰਸੀ ਨੇ ਟਰੈਪ ਲਗਾ ਕੇ ਡੀ.ਆਈ.ਜੀ. ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਮਾਮਲੇ ਨੇ ਨਾ ਸਿਰਫ਼ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਇਮਾਨਦਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਸਗੋਂ ਇਹ ਵੀ ਦਰਸਾਇਆ ਹੈ ਕਿ ਰਿਸ਼ਵਤਖੋਰੀ ਦੇ ਵਿਰੁੱਧ ਸੀਬੀਆਈ ਹੁਣ ਵੱਡੇ ਪੱਧਰ ‘ਤੇ ਸਖ਼ਤੀ ਨਾਲ ਕਮਰਕੱਸ ਰਹੀ ਹੈ।