ਨੂਰਮਹਿਲ (ਜਲੰਧਰ)। ਪੰਜਾਬ ਵਿੱਚ ਧਾਰਮਿਕ ਭਾਵਨਾਵਾਂ ਨੂੰ ਝੰਝੋੜਣ ਵਾਲਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਜ਼ਿਲ੍ਹੇ ਦੇ ਨੂਰਮਹਿਲ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗਾਇਬ ਹੋਣ ਦੀ ਘਟਨਾ ਨੇ ਸੰਗਤ ਨੂੰ ਗਹਿਰੇ ਦੁੱਖ ਤੇ ਰੋਸ ਨਾਲ ਭਰ ਦਿੱਤਾ ਹੈ। ਇਸ ਮਾਮਲੇ ਵਿੱਚ ਗ੍ਰੰਥੀ ਮਨਜੀਤ ਸਿੰਘ ਅਤੇ ਸੇਵਾਦਾਰ ਗੁਰਚਰਨ ਸਿੰਘ ਖ਼ਿਲਾਫ਼ ਪੁਲਿਸ ਨੇ ਵੱਡਾ ਐਕਸ਼ਨ ਕਰਦਿਆਂ ਗ੍ਰਿਫ਼ਤਾਰੀ ਕੀਤੀ ਹੈ।
ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਖੁਲਿਆ ਰਾਜ
ਨੂਰਮਹਿਲ ਥਾਣੇ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਉੱਪਲ ਖਾਲਸਾ ਤੇ ਉੱਪਲ ਜਗੀਰ ਪਿੰਡ ਦੇ ਵਾਸੀਆਂ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਨਿਯੁਕਤ ਗ੍ਰੰਥੀ ਮਨਜੀਤ ਸਿੰਘ (ਵਾਸੀ ਮੀਰਾਪੁਰ, ਜਲੰਧਰ) ਅਤੇ ਸੇਵਾਦਾਰ ਗੁਰਚਰਨ ਸਿੰਘ (ਵਾਸੀ ਬੜੂੰਦੀ ਠਾਠ, ਲੁਧਿਆਣਾ) ਨੇ ਮਿਲੀਭੁਗਤ ਨਾਲ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਗਾਇਬ ਕਰ ਦਿੱਤਾ। ਇਲਜ਼ਾਮ ਹੈ ਕਿ ਇਨ੍ਹਾਂ ਨੇ ਮੰਜੀ ਸਾਹਿਬ ਉੱਤੇ ਰੁਮਾਲਾ ਰੱਖ ਕੇ ਲੋਕਾਂ ਨੂੰ ਭਰਮ ਵਿੱਚ ਪਾਇਆ, ਤਾਂ ਜੋ ਸੰਗਤਾਂ ਨੂੰ ਲੰਮੇ ਸਮੇਂ ਤੱਕ ਪਤਾ ਨਾ ਲੱਗ ਸਕੇ।
ਤਿੰਨ-ਚਾਰ ਦਿਨਾਂ ਤੱਕ ਸੰਗਤਾਂ ਬੇਖ਼ਬਰ ਹੋ ਕੇ ਮੰਜੀ ਸਾਹਿਬ ਦੇ ਸਾਹਮਣੇ ਮੱਥਾ ਟੇਕਦੀਆਂ ਰਹੀਆਂ। ਪਰ ਜਦੋਂ ਪਤਾ ਲੱਗਾ ਕਿ ਪਾਵਨ ਸਰੂਪ ਗਾਇਬ ਹਨ, ਤਾਂ ਸਮੂਹ ਸੰਗਤ ਗਹਿਰੇ ਸਦਮੇ ਵਿੱਚ ਆ ਗਈ। ਇਹ ਖ਼ਬਰ ਪਿੰਡਾਂ ਵਿੱਚ ਅੱਗ ਵਾਂਗ ਫੈਲ ਗਈ ਅਤੇ ਲੋਕਾਂ ਵਿੱਚ ਗੁੱਸਾ ਵੱਧ ਗਿਆ।

ਪੁਲਿਸ ਵੱਲੋਂ ਤੁਰੰਤ ਕਾਰਵਾਈ
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ, ਡੀਐਸਪੀ ਨਕੋਦਰ ਸੁੱਖਪਾਲ ਸਿੰਘ, ਨੂਰਮਹਿਲ ਥਾਣਾ ਮੁਖੀ ਪਰਮਜੀਤ ਸਿੰਘ, ਸਦਰ ਨਕੋਦਰ ਥਾਣਾ ਮੁਖੀ ਸੁਖਦੇਵ ਸਿੰਘ ਅਤੇ ਪੁਲਿਸ ਚੌਕੀ ਸ਼ੰਕਰ ਇੰਚਾਰਜ ਜਗਤਾਰ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ। ਇਨ੍ਹਾਂ ਨੇ ਪਿੰਡ ਵਾਸੀਆਂ ਦੇ ਬਿਆਨ ਦਰਜ ਕੀਤੇ ਅਤੇ ਗ੍ਰੰਥੀ ਮਨਜੀਤ ਸਿੰਘ ਤੇ ਸੇਵਾਦਾਰ ਗੁਰਚਰਨ ਸਿੰਘ ਨੂੰ ਟਾਟਾ 709 ਨੰਬਰ ਪੀ.ਬੀ.10 ਏਚ.ਐਕਸ. 3897 ਸਮੇਤ ਗ੍ਰਿਫ਼ਤਾਰ ਕਰ ਲਿਆ।
ਬੇਅਦਬੀ ਦਾ ਮੁਕੱਦਮਾ ਦਰਜ
ਨੂਰਮਹਿਲ ਪੁਲਿਸ ਨੇ ਦੋਵੇਂ ਅਰੋਪੀਆਂ ਖ਼ਿਲਾਫ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਗੰਭੀਰ ਮੁਕੱਦਮਾ ਦਰਜ ਕਰਦਿਆਂ ਅੱਗੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਗਤਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪਾਵਨ ਸਰੂਪਾਂ ਨੂੰ ਜਲਦ ਤੋਂ ਜਲਦ ਬਰਾਮਦ ਕਰਕੇ ਗੁਰਦੁਆਰਾ ਸਾਹਿਬ ਵਿੱਚ ਮਰਯਾਦਾ ਅਨੁਸਾਰ ਦੁਬਾਰਾ ਬਿਰਾਜਮਾਨ ਕੀਤਾ ਜਾਵੇ।
ਸੰਗਤਾਂ ਵਿੱਚ ਰੋਸ ਤੇ ਦੁੱਖ
ਇਸ ਘਟਨਾ ਕਾਰਨ ਇਲਾਕੇ ਦੀ ਸੰਗਤ ਬਹੁਤ ਦੁਖੀ ਤੇ ਰੋਸ ਵਿਚ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੇ ਘਟਨਾਕਾਰੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਧਾਰਮਿਕ ਭਾਵਨਾਵਾਂ ਨਾਲ ਖਿਲਵਾਰ ਕਰਨ ਦੀ ਹਿੰਮਤ ਨਾ ਕਰੇ।