ਚੰਡੀਗੜ੍ਹ : ਪੰਜਾਬ ਵਿੱਚ ਹਾਲੀਆ ਹੜ੍ਹਾਂ ਕਾਰਨ ਪਿੰਡਾਂ ਅਤੇ ਕਸਬਿਆਂ ਦੀ ਦਿਨਚਰੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋਈ। ਹਾਲਾਂਕਿ ਪਾਣੀ ਹੁਣ ਕਾਫ਼ੀ ਹੱਦ ਤੱਕ ਘੱਟ ਗਿਆ ਹੈ, ਪਰ ਅਸਲ ਚੁਣੌਤੀ ਹੁਣ ਸ਼ੁਰੂ ਹੋਈ ਹੈ—ਲੋਕਾਂ ਨੂੰ ਮੁੜ ਸਧਾਰਨ ਜ਼ਿੰਦਗੀ ਵਿੱਚ ਲਿਆਉਣਾ। ਇਸੇ ਮਿਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਵਿਸ਼ਾਲ ਰਾਹਤ ਅਤੇ ਸਿਹਤ ਮੁਹਿੰਮ ਚਲਾਈ ਹੈ, ਜੋ 14 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 20 ਸਤੰਬਰ ਤੱਕ ਜਾਰੀ ਰਹੇਗੀ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਹਰ ਪ੍ਰਭਾਵਿਤ ਪਿੰਡ ਅਤੇ ਹਰ ਪਰਿਵਾਰ ਤੱਕ ਘੱਟੋ-ਘੱਟ ਇੱਕ ਵਾਰ ਸਰਕਾਰੀ ਟੀਮਾਂ ਪਹੁੰਚਣਗੀਆਂ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ 2303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਇੱਕੋ ਸਮੇਂ ਵਿਸ਼ੇਸ਼ ਸਿਹਤ ਮੁਹਿੰਮ ਚਲਾਈ ਜਾ ਰਹੀ ਹੈ।
ਡਾਕਟਰਾਂ ਦੀ ਟੀਮ ਘਰ-ਘਰ
ਜਿੱਥੇ ਪਹਿਲਾਂ ਲੋਕ ਇਲਾਜ ਲਈ ਹਸਪਤਾਲ ਜਾਂਦੇ ਸਨ, ਹੁਣ ਸਰਕਾਰ ਖ਼ੁਦ ਦਵਾਈਆਂ ਅਤੇ ਡਾਕਟਰ ਲੋਕਾਂ ਦੇ ਦਰਵਾਜ਼ੇ ਤੱਕ ਲੈ ਕੇ ਪਹੁੰਚ ਰਹੀ ਹੈ। ਹਰ ਪਿੰਡ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਡਾਕਟਰ, ਨਰਸਾਂ, ਫਾਰਮੇਸੀ ਸਟਾਫ਼ ਅਤੇ ਨਰਸਿੰਗ ਵਿਦਿਆਰਥੀ ਦਿਨ-ਰਾਤ ਡਿਊਟੀ ਕਰ ਰਹੇ ਹਨ। ਜਿਨ੍ਹਾਂ ਪਿੰਡਾਂ ਵਿੱਚ ਹਸਪਤਾਲ ਨਹੀਂ ਹਨ, ਉੱਥੇ ਸਕੂਲਾਂ, ਪੰਚਾਇਤ ਘਰਾਂ ਅਤੇ ਆਂਗਣਵਾੜੀਆਂ ਨੂੰ ਅਸਥਾਈ ਸਿਹਤ ਕੇਂਦਰ ਬਣਾਇਆ ਗਿਆ ਹੈ।
ਇਨ੍ਹਾਂ ਕੈਂਪਾਂ ਵਿੱਚ ਬੁਖ਼ਾਰ ਦੀਆਂ ਦਵਾਈਆਂ, ਓ.ਆਰ.ਐੱਸ., ਡੈਟੋਲ, ਐਂਟੀ-ਬਾਇਓਟਿਕਸ, ਮਲੇਰੀਆ ਅਤੇ ਡੇਂਗੂ ਟੈਸਟ ਕਿੱਟਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਘਰ-ਘਰ ਜਾ ਰਹੀਆਂ ਆਸ਼ਾ ਵਰਕਰਾਂ ਦਾ ਕੰਮ ਹੈ ਕਿ ਉਹ ਹਰ ਪਰਿਵਾਰ ਦੀ ਸਿਹਤ ਦੀ ਜਾਂਚ ਕਰਨ ਅਤੇ ਲੋੜ ਪੈਣ ’ਤੇ ਡਾਕਟਰਾਂ ਨਾਲ ਤੁਰੰਤ ਜੋੜਣ।
ਫੌਗਿੰਗ ਤੇ ਬਿਮਾਰੀਆਂ ‘ਤੇ ਕੰਟਰੋਲ
ਹੜ੍ਹਾਂ ਤੋਂ ਬਾਅਦ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਸਰਕਾਰ ਨੇ ਖ਼ਾਸ ਤੌਰ ‘ਤੇ ਮੱਛਰਾਂ ਦੇ ਕੰਟਰੋਲ ਲਈ ਤਿਆਰੀ ਕੀਤੀ ਹੈ। ਅਗਲੇ 21 ਦਿਨਾਂ ਤੱਕ ਹਰ ਪਿੰਡ ਵਿੱਚ ਲਗਾਤਾਰ ਫੌਗਿੰਗ ਹੋ ਰਹੀ ਹੈ। ਟੀਮਾਂ ਘਰਾਂ ਅਤੇ ਪਾਣੀ ਦੇ ਸਰੋਤਾਂ ਦੀ ਜਾਂਚ ਕਰਦੀਆਂ ਹਨ ਅਤੇ ਜਿੱਥੇ ਵੀ ਸ਼ੱਕ ਹੁੰਦਾ ਹੈ, ਉੱਥੇ ਤੁਰੰਤ ਛਿੜਕਾਅ ਕੀਤਾ ਜਾਂਦਾ ਹੈ।
ਪੂਰਾ ਸਿਸਟਮ ਨਿਗਰਾਨੀ ਹੇਠ
ਮੁਹਿੰਮ ਦੀ ਨਿਗਰਾਨੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਹਨ। ਕੈਬਨਿਟ ਮੰਤਰੀ, ਵਿਧਾਇਕ, ਪਾਰਟੀ ਦੇ ਜ਼ਿਲ੍ਹਾ ਇੰਚਾਰਜ ਅਤੇ ਵਲੰਟੀਅਰ ਵੀ ਪਿੰਡਾਂ ਵਿੱਚ ਸਰਗਰਮ ਹਨ। ਹਰ ਬਲਾਕ ਵਿੱਚ ਇੱਕ ਮੈਡੀਕਲ ਅਫਸਰ ਨਿਯੁਕਤ ਕੀਤਾ ਗਿਆ ਹੈ, ਜੋ ਦਿਨ ਦੇ ਅੰਤ ਵਿੱਚ ਆਨਲਾਈਨ ਰਿਪੋਰਟ ਅਪਲੋਡ ਕਰਦਾ ਹੈ।
ਸਰੋਤਾਂ ਦੀ ਕੋਈ ਕਮੀ ਨਹੀਂ
550 ਤੋਂ ਵੱਧ ਐਂਬੂਲੈਂਸਾਂ ਇਸ ਮੁਹਿੰਮ ਵਿੱਚ ਲਗਾਈਆਂ ਗਈਆਂ ਹਨ। 85 ਕਿਸਮ ਦੀਆਂ ਦਵਾਈਆਂ ਅਤੇ 23 ਮੈਡੀਕਲ ਸਮੱਗਰੀਆਂ ਪਹਿਲਾਂ ਹੀ ਸਟੋਰ ਕੀਤੀਆਂ ਗਈਆਂ ਹਨ। ਐੱਮ. ਬੀ. ਬੀ. ਐੱਸ. ਡਾਕਟਰ, ਨਰਸਿੰਗ ਸਟਾਫ਼ ਅਤੇ ਫਾਰਮੇਸੀ ਟੀਮਾਂ ਨੂੰ ਸਪਸ਼ਟ ਹਦਾਇਤ ਹੈ ਕਿ ਕਿਸੇ ਵੀ ਪਿੰਡ ਨੂੰ ਅਣਡਿੱਠਾ ਨਾ ਛੱਡਿਆ ਜਾਵੇ।
ਲੋਕਾਂ ਦੀ ਪ੍ਰਸ਼ੰਸਾ
ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਸਰਕਾਰ ਸਿਰਫ਼ ਹੁਕਮ ਨਹੀਂ ਦੇ ਰਹੀ, ਸਗੋਂ ਮੈਦਾਨ ਵਿੱਚ ਖ਼ੁਦ ਉਤਰ ਕੇ ਕੰਮ ਕਰ ਰਹੀ ਹੈ। ਹਰ ਪਿੰਡ ਵਿੱਚ ਸਫ਼ਾਈ, ਸਿਹਤ ਸੇਵਾਵਾਂ ਅਤੇ ਰਾਹਤ ਲੋਕਾਂ ਤੱਕ ਸਿੱਧੀ ਪਹੁੰਚ ਰਹੀ ਹੈ।
ਇਹ ਮੁਹਿੰਮ ਸਾਫ਼ ਦਰਸਾਉਂਦੀ ਹੈ ਕਿ ਮਾਨ ਸਰਕਾਰ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਨੂੰ ਗੰਭੀਰਤਾ ਨਾਲ ਲੈ ਕੇ ਹਰ ਘਰ, ਹਰ ਗਲੀ, ਹਰ ਪਿੰਡ ਦੇ ਹਰ ਪਰਿਵਾਰ ਤੱਕ ਸੇਵਾਵਾਂ ਪਹੁੰਚਾਉਣ ਲਈ ਪ੍ਰਤਿਬੱਧ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਇਸ ਕੰਮ ਨੂੰ ਬੋਝ ਨਹੀਂ, ਸਗੋਂ ਜਨ ਸੇਵਾ ਦਾ ਮੌਕਾ ਮੰਨਦੀ ਹੈ।