Site icon Punjab Mirror

ਸੋਨੇ-ਚਾਂਦੀ ‘ਚ ਵੱਡਾ ਉਛਾਲ, ਚਾਂਦੀ ‘ਚ 1852 ਰੁ. ਦਾ ਵਾਧਾ,10 ਗ੍ਰਾਮ ਗੋਲਡ 51,000 ਤੋਂ ਪਾਰ|

Gold Silver prices rises

ਯੂਕਰੇਨ ਤੇ ਰੂਸ ਦੇ ਹਮਲੇ ਮਗਰੋਂ ਕੱਚੇ ਤੇਲ ਸਣੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਬ੍ਰੈਂਟ ਕਰੂਡ 100 ਡਾਲਰ ਪ੍ਰਤੀ ਬੈਰਲ ਨੂੰ ਛੂਹ ਚੁੱਕਾ ਹੈ, ਉੱਥੇ ਹੀ ਸੋਨੇ-ਚਾਂਦੀ ਵਿੱਚ ਜਮ ਕੇ ਖਰੀਦਦਾਰੀ ਦੇਖਣ ਨੂੰ ਮਿਲੀ। ਇਸ ਦੀ ਵਜ੍ਹਾ ਨਿਵੇਸ਼ਕਾਂ ਦਾ ਸੁਰੱਖਿਅਤ ਨਿਵੇਸ਼ ਵੱਲ ਜਾਣਾ ਹੈ। ਸੰਕਟ ਦੇ ਸਮੇਂ ਨਿਵੇਸ਼ਕ ਸੋਨੇ ਵਿੱਚ ਪੈਸਾ ਲਾਉਣਾ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ ।

ਮਲਟੀ ਕਮੋਡਿਟੀ ਐਕਸਚੇਂਜ ਤੇ ਕਾਰੋਬਾਰ ਦੌਰਾਨ ਸੋਨੇ ਦੀ ਕੀਮਤ ਵਿੱਚ ਵੀਰਵਾਰ ਨੂੰ ਵੱਡੀ ਤੇਜ਼ੀ ਆਈ। ਇਹ ਦੁਪਿਹਰ ਸਮੇਂ 1,320 ਰੁਪਏ ਚੜ੍ਹ ਕੇ 51,750 ਰੁਪਏ ਪ੍ਰਤੀ ਦਸ ਗ੍ਰਾਮ ਤੇ ਪਹੁੰਚ ਗਿਆ। ਉੱਥੇ ਹੀ, ਚਾਂਦੀ ਵੀ 1,852 ਰੁਪਏ ਦੀ ਤੇਜ਼ੀ ਨਾਲ 67,297 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ। ਰੂਸ-ਯੂਕਰੇਨ ਵਿਚਾਲੇ ਜੰਗ ਲੱਗਣ ਨਾਲ ਕੀਮਤੀ ਧਾਤਾਂ ਵਿੱਚ ਹੋਰ ਤੇਜ਼ੀ ਦੀ ਸੰਭਾਵਨਾ ਹੈ, ਜਦੋਂ ਕਿ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਾ ਸਿਲਸਿਲਾ ਦੇਖਣ ਨੂੰ ਮਿਲ ਰਿਹਾ ਹੈ।

ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਕਾਰਨ ਜੂਝ ਰਹੀ ਗਲੋਬਲ ਅਰਥਵਿਵਸਥਾ ਨੂੰ ਹੋਰ ਝਟਕਾ ਲੱਗ ਸਕਦਾ ਹੈ। ਮਹਿੰਗਾਈ ਵਧਣ ਕਾਰਨ ਕੇਂਦਰੀ ਬੈਂਕਾਂ ਨੂੰ ਵੀ ਵਿਆਜ ਦਰਾਂ ਵਧਾਉਣ ਤੇ ਵਿਚਾਰ ਕਰਨਾ ਪੈ ਸਕਦਾ ਹੈ। ਲਿਹਾਜਾ ਆਮ ਲੋਕਾਂ ਤੇ ਵਪਾਰ ਲਈ ਹਾਲਾਤ ਖਰਾਬ ਹੋ ਸਕਦੇ ਹਨ। ਵਿਸ਼ਵ ਭਰ ਦੇ ਦੇਸ਼ਾਂ ਵੱਲੋਂ ਰੂਸ ਨੂੰ ਮਨਾਉਣ ਦੀ ਕੋਸ਼ਿਸ਼ ਨਾਕਾਮ ਰਹਿਣ ਕਾਰਨ ਗਲੋਬਲ ਇਕਨੋਮੀ ਲਈ ਸੰਕਟ ਦੀ ਘੜੀ ਖੜ੍ਹੀ ਹੋ ਗਈ ਹੈ। ਕੱਚਾ ਤੇਲ ਵੀ ਉਬਾਲ ਮਾਰ ਰਿਹਾ ਹੈ। ਵਿਦੇਸ਼ੀ ਬਾਜ਼ਾਰ ਵਿੱਚ ਇਸ ਦੌਰਾਨ ਸੋਨੇ ਦੀ ਕੀਮਤ ਵਿੱਚ ਲਗਭਗ 33 ਡਾਲਰ ਦਾ ਵਾਧਾ ਦੇਖਣ ਨੂੰ ਮਿਲਿਆ ਅਤੇ ਇਹ 1,944 ਡਾਲਰ ਪ੍ਰਤੀ ਔਂਸ ‘ਤੇ ਸੀ।

Exit mobile version