ਐਂਟਰਟੇਨਮੈਂਟ ਡੈਸਕ – ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤਿਕ ਤਸਵੀਰ ਨੂੰ ਇਕ ਨਵੇਂ ਰੁੱਖ ਵੱਲ ਮੋੜ ਦਿੱਤਾ ਹੈ। ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਹੇ ਰਾਜ ਵਿੱਚ ਰਾਹਤ ਅਤੇ ਵਿਸ਼ਵ ਭਲਾਈ ਲਈ ਮੰਡੀ ਵਿਖੇ ਹੋਏ ਇੱਕ ਵਿਸ਼ਾਲ ਯੱਗ ਦੌਰਾਨ, ਜਦੋਂ ਮੀਡੀਆ ਨੇ ਉਨ੍ਹਾਂ ਤੋਂ ਹਿਮਾਚਲ ਦੇ ਅਗਲੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਵਾਲ ਕੀਤਾ, ਤਾਂ ਕੰਗਨਾ ਨੇ ਆਪਣੇ ਅੰਦਾਜ਼ ਵਿੱਚ ਸਾਫ਼ ਜਵਾਬ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਉਹ ਹਰ ਕਿਸਮ ਦੇ ਕੰਮ ਨੂੰ ਨਿਭਾਉਣ ਦੀ ਸਮਰੱਥਾ ਰੱਖਦੀਆਂ ਹਨ ਅਤੇ ਜਿਹੜਾ ਵੀ ਜ਼ਿੰਮੇਵਾਰ ਅਹੁਦਾ ਉਨ੍ਹਾਂ ਨੂੰ ਸੌਂਪਿਆ ਜਾਵੇਗਾ, ਉਹ ਉਸਨੂੰ ਪੂਰੇ ਮਨੋਂ ਨਾਲ ਪੂਰਾ ਕਰਨ ਲਈ ਤਿਆਰ ਹਨ। ਕੰਗਨਾ ਨੇ ਸਪਸ਼ਟ ਕੀਤਾ ਕਿ, “ਮੁੱਖ ਮੰਤਰੀ ਬਣਨਾ ਕੇਵਲ ਇੱਕ ਰਾਜਨੀਤਿਕ ਅਹੁਦਾ ਨਹੀਂ, ਸਗੋਂ ਲੋਕ ਸੇਵਾ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਮੈਂ ਆਪਣੇ ਆਪ ਨੂੰ ਹਰ ਕਿਸਮ ਦੀ ਜ਼ਿੰਮੇਵਾਰੀ ਲਈ ਕਾਬਲ ਮੰਨਦੀ ਹਾਂ। ਮੋਦੀ ਜੀ ਦੇ ਆਸ਼ੀਰਵਾਦ ਨਾਲ ਮੇਰੇ ਅੰਦਰ ਹਰ ਕੰਮ ਕਰਨ ਦੀ ਸਮਰੱਥਾ ਹੈ ਅਤੇ ਮੈਂ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਾਂਗੀ।”
ਇਸ ਬਿਆਨ ਨਾਲ ਸੂਬੇ ਦੀ ਸਿਆਸਤ ਵਿੱਚ ਨਵੀਂ ਗਰਮੀ ਆ ਗਈ ਹੈ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ, ਕੰਗਨਾ ਦੀ ਲੋਕਪ੍ਰਿਯਤਾ, ਉਨ੍ਹਾਂ ਦੀ ਸਪਸ਼ਟਬੋਲਣੀ ਸਖ਼ਸੀਅਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਨੇੜਤਾ, ਭਵਿੱਖ ਵਿੱਚ ਹਿਮਾਚਲ ਪ੍ਰਦੇਸ਼ ਦੀ ਸਿਆਸਤ ਵਿੱਚ ਵੱਡੇ ਬਦਲਾਅ ਦਾ ਸੰਕੇਤ ਦੇ ਸਕਦੀ ਹੈ। ਲੋਕਾਂ ਵਿੱਚ ਵੀ ਚਰਚਾ ਚੱਲ ਪਈ ਹੈ ਕਿ ਕੀ ਬਾਲੀਵੁੱਡ ਦੀ ਇਹ ਕੁਇਨ ਹੁਣ ਰਾਜਨੀਤਿਕ ਮੰਚ ’ਤੇ ਸੀਐਮ ਦੀ ਕੁਰਸੀ ਤੱਕ ਪਹੁੰਚੇਗੀ।
ਹਾਲਾਂਕਿ, ਭਾਜਪਾ ਵੱਲੋਂ ਹਾਲ ਤੱਕ ਮੁੱਖ ਮੰਤਰੀ ਅਹੁਦੇ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ। ਯਾਦ ਰਹੇ ਕਿ ਕੰਗਨਾ ਰਣੌਤ ਹਾਲ ਹੀ ਵਿੱਚ ਮੰਡੀ ਲੋਕ ਸਭਾ ਹਲਕੇ ਤੋਂ ਇਤਿਹਾਸਕ ਜਿੱਤ ਹਾਸਲ ਕਰਕੇ ਸੰਸਦ ’ਚ ਪਹੁੰਚੀਆਂ ਹਨ। ਉਨ੍ਹਾਂ ਦੇ ਇਸ ਬਿਆਨ ਨੇ ਸਿਰਫ ਹਿਮਾਚਲ ਹੀ ਨਹੀਂ, ਸਗੋਂ ਪੂਰੇ ਦੇਸ਼ ਦੀ ਰਾਜਨੀਤਿਕ ਚਰਚਾ ਨੂੰ ਨਵੀਂ ਦਿਸ਼ਾ ਦੇ ਦਿੱਤੀ ਹੈ।