ਨਵੀਂ ਦਿੱਲੀ – ਰੇਲ ਯਾਤਰਾ ਕਰਨ ਵਾਲਿਆਂ ਲਈ ਭਾਰਤੀ ਰੇਲਵੇ ਨੇ ਇੱਕ ਵੱਡਾ ਤੋਹਫ਼ਾ ਐਲਾਨਿਆ ਹੈ। ਹੁਣ ਦੇਸ਼ ਭਰ ਦੇ 6,115 ਰੇਲਵੇ ਸਟੇਸ਼ਨਾਂ ‘ਤੇ ਯਾਤਰੀਆਂ ਨੂੰ ਮੁਫ਼ਤ ਵਾਈ-ਫਾਈ ਸੇਵਾ ਉਪਲਬਧ ਹੋਵੇਗੀ। ਇਹ ਕਦਮ ਡਿਜ਼ਿਟਲ ਇੰਡੀਆ ਮੁਹਿੰਮ ਦੇ ਤਹਿਤ ਚੁੱਕਿਆ ਗਿਆ ਹੈ, ਜਿਸ ਦਾ ਮਕਸਦ ਯਾਤਰੀਆਂ ਨੂੰ ਆਨਲਾਈਨ ਸੇਵਾਵਾਂ ਅਤੇ ਜਾਣਕਾਰੀ ਤੱਕ ਆਸਾਨ ਪਹੁੰਚ ਮੁਹੱਈਆ ਕਰਵਾਉਣਾ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ 8 ਅਗਸਤ ਨੂੰ ਰਾਜ ਸਭਾ ਵਿੱਚ ਇਸਦੀ ਪੁਸ਼ਟੀ ਕੀਤੀ।
ਇਹ ਸੇਵਾ ਰੇਲਟੇਲ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ, ਜੋ ਭਾਰਤੀ ਰੇਲਵੇ ਦੀ ਇੱਕ ਪਬਲਿਕ ਸੈਕਟਰ ਕੰਪਨੀ ਹੈ। ਰੇਲਟੇਲ ਨੇ ਆਪਣੇ “ਰੇਲਵਾਇਰ” ਬ੍ਰਾਂਡ ਹੇਠ ਉੱਚ ਗੁਣਵੱਤਾ ਵਾਲਾ ਜਨਤਕ ਵਾਈ-ਫਾਈ ਨੈੱਟਵਰਕ ਤਿਆਰ ਕੀਤਾ ਹੈ। ਯਾਤਰੀ ਇਸ ਦੇ ਜ਼ਰੀਏ ਹਾਈ-ਸਪੀਡ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ, ਜਿਸ ਨਾਲ ਉਹ ਵੀਡੀਓ ਸਟ੍ਰੀਮਿੰਗ, ਫਿਲਮਾਂ ਅਤੇ ਗੀਤ ਡਾਊਨਲੋਡ ਕਰਨ, ਆਨਲਾਈਨ ਕਲਾਸਾਂ ਅਟੈਂਡ ਕਰਨ ਅਤੇ ਦਫ਼ਤਰੀ ਕੰਮ ਨਿਭਾਉਣ ਵਿੱਚ ਸਮਰੱਥ ਹੋਣਗੇ।
ਮੁਫ਼ਤ ਵਾਈ-ਫਾਈ ਨਾਲ ਜੁੜਨ ਲਈ ਯਾਤਰੀਆਂ ਨੂੰ ਆਪਣੇ ਸਮਾਰਟਫੋਨ ਦਾ ਵਾਈ-ਫਾਈ ਆਨ ਕਰਕੇ “RailWire” ਨੈੱਟਵਰਕ ਚੁਣਨਾ ਪਵੇਗਾ। ਫਿਰ ਮੋਬਾਈਲ ਨੰਬਰ ਦਰਜ ਕਰਕੇ ਮਿਲੇ OTP ਨੂੰ ਐਂਟਰ ਕਰਨ ਤੋਂ ਬਾਅਦ ਉਹ ਤੁਰੰਤ ਇੰਟਰਨੈੱਟ ਵਰਤ ਸਕਣਗੇ।
ਇਹ ਸਹੂਲਤ ਪਹਿਲਾਂ ਹੀ ਨਵੀਂ ਦਿੱਲੀ, ਹਜ਼ਰਤ ਨਿਜਾਮੁੱਦਦਿਨ, ਅੰਬਾਲਾ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਮੁੰਬਈ, ਪੂਨੇ, ਭੁਵਨੇਸ਼ਵਰ, ਭੋਪਾਲ, ਚੇਨਈ, ਹੈਦਰਾਬਾਦ ਸਮੇਤ ਕਈ ਪ੍ਰਮੁੱਖ ਸਟੇਸ਼ਨਾਂ ‘ਤੇ ਲਾਗੂ ਕੀਤੀ ਜਾ ਚੁੱਕੀ ਹੈ। ਇਸ ਨਾਲ ਯਾਤਰੀ ਆਪਣੇ ਸਫ਼ਰ ਦੌਰਾਨ ਮਨੋਰੰਜਨ ਅਤੇ ਕੰਮ ਦੋਵੇਂ ਹੀ ਆਸਾਨੀ ਨਾਲ ਕਰ ਸਕਣਗੇ, ਜਿਸ ਨਾਲ ਯਾਤਰਾ ਹੋਰ ਵੀ ਸੁਖਦਾਇਕ ਅਤੇ ਉਪਯੋਗੀ ਬਣੇਗੀ।