ਚੰਡੀਗੜ੍ਹ/ਜਲੰਧਰ : ਹਾਲੀਆ ਹੜ੍ਹਾਂ ਨੇ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸੂਬੇ ਦੇ 2185 ਪਿੰਡ ਇਸ ਕਾਲਾਮਈ ਹਾਲਾਤ ਦਾ ਸ਼ਿਕਾਰ ਹੋਏ ਹਨ, ਜਿੱਥੇ ਲਗਭਗ 5 ਲੱਖ ਏਕੜ ਖੇਤੀਬਾੜੀ ਰਕਬੇ ‘ਚ ਖੜ੍ਹੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਖਾਸ ਤੌਰ ’ਤੇ ਸਰਹੱਦੀ ਜ਼ਿਲ੍ਹੇ – ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਕਪੂਰਥਲਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਨ੍ਹਾਂ ਇਲਾਕਿਆਂ ਦੀਆਂ ਖੇਤਾਂ ਵਿੱਚ 5-5 ਫੁੱਟ ਤੱਕ ਰੇਤ ਅਤੇ ਸਿਲਟ ਦੀ ਮੋਟੀ ਪਰਤ ਜਮ ਗਈ ਹੈ, ਜਿਸ ਕਰਕੇ ਕਿਸਾਨ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਆ ਗਏ ਹਨ।
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਹੋਈ ਕੌਮੀ ਖੇਤੀਬਾੜੀ ਕਾਨਫਰੰਸ ‘ਚ ਇਸ ਮੁੱਦੇ ਨੂੰ ਜੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੁਦਰਤੀ ਆਫ਼ਤ ਹੀ ਨਹੀਂ, ਸਗੋਂ ਪੰਜਾਬ ਦੇ ਕਿਸਾਨਾਂ ਲਈ ਜੀਵਨ ਮੌਤ ਦਾ ਸਵਾਲ ਬਣ ਚੁੱਕੀ ਹੈ। ਖੁੱਡੀਆਂ ਨੇ ਕੇਂਦਰ ਸਰਕਾਰ ਨੂੰ ਕੌਮੀ ਖੇਤੀ ਵਿਕਾਸ ਯੋਜਨਾ (ਆਰ. ਕੇ. ਵੀ. ਵਾਈ.) ਤਹਿਤ ਤੁਰੰਤ 151 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਖੇਤਾਂ ਤੋਂ ਰੇਤ ਹਟਾ ਕੇ ਜ਼ਮੀਨ ਨੂੰ ਮੁੜ ਖੇਤੀਯੋਗ ਬਣਾਇਆ ਜਾ ਸਕੇ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦੇ ਹਰ ਹਿੱਸੇ ’ਚ ਲੋਕਾਂ ਦੀ ਮਦਦ ਕਰਨ ਵਿੱਚ ਅੱਗੇ ਰਿਹਾ ਹੈ। ਹੁਣ ਸਮਾਂ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਇਸ ਸੰਕਟਮਈ ਹਾਲਾਤ ਵਿੱਚ ਵੱਡਾ ਸਹਾਰਾ ਦੇਵੇ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ, ਸਰਹੱਦੀ ਜ਼ਿਲ੍ਹਿਆਂ ਦੀ ਲਗਭਗ 2.15 ਲੱਖ ਏਕੜ ਜ਼ਮੀਨ ’ਤੇ ਰੇਤ ਦੀ ਪਰਤ ਚੜ੍ਹ ਗਈ ਹੈ। ਹਰ ਏਕੜ ਵਿੱਚੋਂ ਇਹ ਰੇਤ ਹਟਾਉਣ ਲਈ ਔਸਤਨ 7 ਹਜ਼ਾਰ ਰੁਪਏ ਦਾ ਖ਼ਰਚਾ ਆਵੇਗਾ। ਕਿਸਾਨਾਂ ਲਈ, ਜੋ ਪਹਿਲਾਂ ਹੀ ਹੜ੍ਹਾਂ ਕਾਰਨ ਭੰਨੇ ਹੋਏ ਹਨ, ਇਹ ਵੱਡੀ ਲਾਗਤ ਚੁੱਕਣਾ ਮੁਸ਼ਕਲ ਹੈ।
ਸੂਬਾ ਸਰਕਾਰ ਵੱਲੋਂ ਖਾਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ ਜ਼ਮੀਨਾਂ ਨੂੰ ਤਿਆਰ ਕਰਨ ‘ਚ ਜੁੱਟੀਆਂ ਹੋਈਆਂ ਹਨ। ਹਾਲਾਂਕਿ ਜਦ ਤੱਕ ਕੇਂਦਰ ਵੱਲੋਂ ਵਿੱਤੀ ਸਹਾਇਤਾ ਨਹੀਂ ਮਿਲਦੀ, ਤਦ ਤੱਕ ਵੱਡੇ ਪੱਧਰ ‘ਤੇ ਰਾਹਤ ਕੰਮ ਕਰਨਾ ਮੁਸ਼ਕਲ ਦਿਖਾਈ ਦੇ ਰਿਹਾ ਹੈ।
ਪੰਜਾਬ ਦੇ ਕਿਸਾਨਾਂ ਦੀਆਂ ਅੱਖਾਂ ਹੁਣ ਕੇਂਦਰ ਸਰਕਾਰ ਵੱਲ ਟਿਕੀਆਂ ਹੋਈਆਂ ਹਨ ਕਿ ਆਖ਼ਿਰ ਕਦੋਂ ਉਹਨਾਂ ਨੂੰ ਰਾਹਤ ਦਾ ਪੈਕੇਜ ਮਿਲੇਗਾ, ਜਿਸ ਨਾਲ ਉਹ ਮੁੜ ਆਪਣੀ ਖੇਤੀਬਾੜੀ ਦੀ ਰਾਹ ‘ਤੇ ਵਾਪਸ ਆ ਸਕਣ।