ਲੋਹੀਆਂ (ਫ਼ਿਰੋਜ਼ਪੁਰ): ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਕਹਿਰ ਜਾਰੀ ਹੈ। ਸਤਲੁਜ ਦਰਿਆ ਅਤੇ ਚਿੱਟੀ ਵੇਈਂ ਵਿਚਕਾਰ ਪਾਣੀ ਦੇ ਵੱਧਣ ਨਾਲ ਹੜ੍ਹਾਂ ਦਾ ਸੰਕਟ ਗਹਿਰਾ ਹੋ ਗਿਆ ਹੈ। ਮੰਗਲਵਾਰ ਨੂੰ ਸਤਲੁਜ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਲੰਘ ਗਿਆ, ਜਿਸ ਨਾਲ ਨੇੜਲੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਖ਼ਾਸ ਕਰਕੇ ਲੋਹੀਆਂ ਸ਼ਹਿਰ ਅਤੇ ਉਸਦੇ ਆਸ-ਪਾਸ ਦੇ ਪਿੰਡਾਂ ਵਿੱਚ ਪਾਣੀ ਘੁੱਸਣ ਦੀ ਸੰਭਾਵਨਾ ਕਾਰਨ ਲੋਕ ਚਿੰਤਿਤ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ, ਇਸ ਵੇਲੇ ਸਤਲੁਜ ਦਰਿਆ ਵਿੱਚ ਲਗਭਗ 1 ਲੱਖ 60 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਇਹ ਪਾਣੀ ਤੇਜ਼ ਰਫ਼ਤਾਰ ਨਾਲ ਹਰੀਕੇ ਹੈੱਡ ਵੱਲ ਵੱਧ ਰਿਹਾ ਹੈ, ਜਿਸ ਕਰਕੇ ਪਾਣੀ ਦੀ ਡਾਫ਼ (ਜਮਾਉ) ਨਾ ਹੋਣ ਕਾਰਨ ਤੁਰੰਤ ਹੜ੍ਹਾਂ ਦਾ ਖ਼ਤਰਾ ਕੁਝ ਘੱਟ ਦੱਸਿਆ ਜਾ ਰਿਹਾ ਹੈ।
ਗਿਦੜਪਿੰਡੀ ਪੁਲ ‘ਤੇ ਸਤਲੁਜ ਦਾ ਪਾਣੀ 706.80 ਫੁੱਟ ਤੱਕ ਚੜ੍ਹ ਗਿਆ ਹੈ ਜਦਕਿ ਖ਼ਤਰੇ ਦਾ ਨਿਸ਼ਾਨ 705.60 ਫੁੱਟ ਹੈ। ਪਾਣੀ ਦੀ ਲਹਿਰਾਂ ਨੇ ਰੇਲਵੇ ਲਾਈਨ ਦੇ ਗਾਡਰਾਂ ਨੂੰ ਛੂਹ ਲਿਆ, ਜਿਸ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਨੇ ਫ਼ੌਰੀ ਕਾਰਵਾਈ ਕਰਦਿਆਂ ਰੇਲ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ। ਹਾਲਾਂਕਿ ਜਲੰਧਰ ਤੋਂ ਲੋਹੀਆਂ ਤੱਕ ਕੁਝ ਰੇਲਾਂ ਚੱਲ ਰਹੀਆਂ ਹਨ, ਪਰ ਲੰਮੇ ਰੂਟਾਂ ਵਾਲੀਆਂ ਟ੍ਰੇਨਾਂ ਨੂੰ ਰੀਰੂਟ ਕੀਤਾ ਜਾ ਰਿਹਾ ਹੈ। ਧੰਨਬਾਦ ਐਕਸਪ੍ਰੈੱਸ ਸਮੇਤ ਕਈ ਹੋਰ ਟ੍ਰੇਨਾਂ ਨੂੰ ਲੁਧਿਆਣਾ-ਫ਼ਿਰੋਜ਼ਪੁਰ ਵਾਇਆ ਮੋਗਾ ਘੁਮਾਇਆ ਜਾ ਰਿਹਾ ਹੈ, ਜਦਕਿ ਕੁਝ ਟ੍ਰੇਨਾਂ ਨੂੰ ਮਖੂ ਤੋਂ ਵਾਪਸ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ, ਚਿੱਟੀ ਵੇਈਂ ਨਹਿਰ ਦੇ ਓਵਰਫਲੋਅ ਹੋਣ ਨਾਲ ਹਾਲਾਤ ਹੋਰ ਗੰਭੀਰ ਬਣ ਗਏ ਹਨ। ਇਸਦਾ ਪਾਣੀ ਖੇਤਾਂ ਵਿੱਚ ਦਾਖ਼ਲ ਹੋ ਕੇ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਸਿੱਧੂਪੁਰ ਰੋਡ ਤੋਂ ਲੈ ਕੇ ਲੋਹੀਆਂ ਸ਼ਹਿਰ ਵੱਲ ਪਾਣੀ ਵਗਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਮੰਡ ਖੇਤਰ ਦੇ ਪਿੰਡਾਂ ਵਿੱਚ ਵੀ ਚਿੱਟੀ ਵੇਈਂ ਦੀਆਂ ਲਹਿਰਾਂ ਨੇ ਭਾਰੀ ਦਹਿਸ਼ਤ ਫੈਲਾ ਦਿੱਤੀ ਹੈ।
ਸਤਲੁਜ ਦੇ ਗਿਦੜਪਿੰਡੀ ਪੁਲ ’ਤੇ ਇਸ ਵੇਲੇ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਪੁਲ ਦੇ ਨੇੜੇ ਮੇਲੇ ਵਰਗਾ ਦ੍ਰਿਸ਼ ਬਣ ਗਿਆ ਹੈ ਕਿਉਂਕਿ ਲੋਕ ਉੱਥੇ ਪਾਣੀ ਦੀ ਚੜ੍ਹਤ ਦੇ ਨਜ਼ਾਰੇ ਦੇਖਣ ਅਤੇ ਕੈਮਰੇ ਵਿੱਚ ਕੈਦ ਕਰਨ ਲਈ ਜਾ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਦਾ ਪੈਣਾ ਜਾਰੀ ਰਿਹਾ ਤਾਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਰੈਸਕਿਊ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ।

