ਅੰਮ੍ਰਿਤਸਰ ਦੇ ਮਾਡਲ ਟਾਊਨ ਮੰਦਿਰ ਵਿੱਚ ਸ਼ਰਧਾਲੂਆਂ ਅਤੇ ਪੁਜਾਰੀਆਂ ਵਿਚਾਲੇ ਹੋਈ ਹੱਥਾਪਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੱਥਾ ਟੇਕਣ ਆਏ ਇੱਕ ਵਿਅਕਤੀ ਨੇ ਪੁਜਾਰੀ ’ਤੇ ਹਮਲਾ ਕਰ ਦਿੱਤਾ।ਜਾਣਕਾਰੀ ਮੁਤਾਬਕ, ਕੁਝ ਸ਼ਰਧਾਲੂਆਂ ਅਤੇ ਪੰਡਿਤਾਂ ਵਿਚ ਗੱਲਬਾਤ ਦੌਰਾਨ ਤਕਰਾਰ ਹੋਈ ਜੋ ਝਗੜੇ ਵਿੱਚ ਬਦਲ ਗਈ। ਹਮਲੇ ਦੌਰਾਨ ਇੱਕ ਹੋਰ ਪੰਡਿਤ ਨੇ ਵਿਚਕਾਰ ਪੈ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੁੱਸੇ ਵਿੱਚ ਆਏ ਸ਼ਰਧਾਲੂਆਂ ਨੇ ਉਸ ਨਾਲ ਵੀ ਧੱਕਾ-ਮੁੱਕੀ ਕੀਤੀ ਅਤੇ ਚਪੇੜਾਂ ਮਾਰੀਆਂ।
ਇਸ ਘਟਨਾ ਦੀ ਮੰਦਿਰ ਪ੍ਰਬੰਧਕਾਂ ਅਤੇ ਧਾਰਮਿਕ ਅਗਵਾਂ ਵੱਲੋਂ ਕੜੀ ਨਿੰਦਾ ਕੀਤੀ ਜਾ ਰਹੀ ਹੈ। ਮੰਦਿਰ ਪ੍ਰਬੰਧਕਾਂ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਅਤੇ ਮੰਦਿਰ ਆਉਣ ਵਾਲੇ ਹਰ ਵਿਅਕਤੀ ਦੀ ਇੱਜ਼ਤ ਹੋਣੀ ਚਾਹੀਦੀ ਹੈ, ਭਾਵੇਂ ਉਹ ਸ਼ਰਧਾਲੂ ਹੋਵੇ ਜਾਂ ਪੁਜਾਰੀ। ਧਾਰਮਿਕ ਅਗਵਾਂ ਨੇ ਮਾਮਲੇ ਦੀ ਪੂਰੀ ਜਾਂਚ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਮੰਦਿਰ ਦੇ ਪਵਿੱਤਰ ਮਾਹੌਲ ’ਤੇ ਨਕਾਰਾਤਮਕ ਅਸਰ ਪਾਉਂਦੀਆਂ ਹਨ, ਇਸ ਲਈ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਾਉਣ ਲਈ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ।