ਮੋਗਾ (ਕਸ਼ਿਸ਼ ਸਿੰਗਲਾ):
ਪੰਜਾਬ ਪੁਲਿਸ ਦੀ ਇੱਕ ਸਸਪੈਂਡ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ, ਜੋ ਪਿਛਲੇ 9 ਮਹੀਨਿਆਂ ਤੋਂ ਰਿਸ਼ਵਤਖੋਰੀ ਦੇ ਕੇਸ ‘ਚ ਫਰਾਰ ਚੱਲ ਰਹੀ ਸੀ, ਹੁਣ ਅਦਾਲਤ ਵੱਲੋਂ ਭਗੌੜੀ ਐਲਾਨੀ ਕਰ ਦਿੱਤੀ ਗਈ ਹੈ। ਉਸਦੇ ਖ਼ਿਲਾਫ਼ ਹੁਣ IPC ਦੀ ਧਾਰਾ 209 ਅਧੀਨ ਨਵਾਂ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ।
ਇਹ ਮਾਮਲਾ 23 ਅਕਤੂਬਰ 2024 ਤੋਂ ਚੱਲ ਰਿਹਾ ਹੈ, ਜਦੋਂ ਅਰਸ਼ਪ੍ਰੀਤ ਕੌਰ ਉੱਤੇ ਨਸ਼ਾ ਤਸਕਰ ਨੂੰ 5 ਲੱਖ ਰੁਪਏ ਲੈ ਕੇ ਛੱਡਣ ਦੇ ਦੋਸ਼ ਲੱਗੇ ਸਨ। ਇਹ ਕੇਸ ਭ੍ਰਿਸ਼ਟਾਚਾਰ ਨਿਵਾਰਣ ਐਕਟ ਹੇਠ ਦਰਜ ਹੋਇਆ ਸੀ। ਕੇਸ ਦਰਜ ਹੋਣ ਤੋਂ ਬਾਅਦੋਂ ਹੀ ਇੰਸਪੈਕਟਰ ਅਰਸ਼ਪ੍ਰੀਤ ਗ਼ਾਇਬ ਹੋ ਗਈ ਸੀ, ਅਤੇ ਉਸਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਵੀ ਅਦਾਲਤ ਰੱਦ ਕਰ ਚੁੱਕੀ ਹੈ।ਪੁਲਿਸ ਦੀ ਜਾਂਚ ਅਨੁਸਾਰ, 1 ਅਕਤੂਬਰ 2024 ਨੂੰ ਮੁਖਬਿਰ ਦੀ ਸੂਚਨਾ ‘ਤੇ ਥਾਣਾ ਕੋਟਈਸੇ ਖਾਂ ਦੀ ਟੀਮ ਨੇ ਨਸ਼ਾ ਤਸਕਰ ਅਮਰਜੀਤ ਸਿੰਘ ਨੂੰ ਇੱਕ ਸਕਾਰਪਿਓ ਗੱਡੀ ਅਤੇ 2 ਕਿਲੋ ਅਫੀਮ ਸਮੇਤ ਕਾਬੂ ਕੀਤਾ ਸੀ। ਉਸਦੇ ਨਾਲ ਭਰਾ ਮਨਪ੍ਰੀਤ ਸਿੰਘ ਅਤੇ ਭਤੀਜਾ ਗੁਰਪ੍ਰੀਤ ਸਿੰਘ ਵੀ 3 ਕਿਲੋ ਅਫੀਮ ਸਮੇਤ ਗ੍ਰਿਫਤਾਰ ਹੋਏ ਸਨ।ਆਰੋਪ ਹੈ ਕਿ ਇੰਸਪੈਕਟਰ ਅਰਸ਼ਪ੍ਰੀਤ ਨੇ ਥਾਣੇ ਦੇ ਮੁਣਸ਼ੀ ਗੁਰਪ੍ਰੀਤ ਸਿੰਘ ਅਤੇ ਬਲਖੰਡੀ ਚੌਕੀ ਦੇ ਮੁਣਸ਼ੀ ਰਾਜਪਾਲ ਸਿੰਘ ਨਾਲ ਮਿਲ ਕੇ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਰਿਸ਼ਵਤ ਵਜੋਂ ਲਏ, ਅਤੇ ਮੁਲਜ਼ਮਾਂ ਨੂੰ ਛੱਡ ਦਿੱਤਾ।