ਕੰਨੜ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਰੀਸ਼ ਰਾਏ ਦਾ 55 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਥਾਇਰਾਇਡ ਕੈਂਸਰ ਨਾਲ ਜੂਝ ਰਹੇ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਦਾ ਕੈਂਸਰ ਪੇਟ ਤੱਕ ਫੈਲ ਗਿਆ ਸੀ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਖਰਾਬ ਹੋ ਗਈ।
ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਹਰੀਸ਼ ਰਾਏ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ “ਕੰਨੜ ਸਿਨੇਮਾ ਦਾ ਪ੍ਰਤੀਕ ਖਲਨਾਇਕ” ਕਿਹਾ। ਉਨ੍ਹਾਂ ਲਿਖਿਆ ਕਿ ਹਰੀਸ਼ ਰਾਏ ਦੇ ਦੇਹਾਂਤ ਨਾਲ ਦੱਖਣੀ ਫਿਲਮ ਇੰਡਸਟਰੀ ਨੇ ਇੱਕ ਵੱਡਾ ਕਲਾਕਾਰ ਗੁਆ ਦਿੱਤਾ ਹੈ।
ਹਰੀਸ਼ ਰਾਏ ਨੇ ਆਪਣੇ ਲੰਬੇ ਕਰੀਅਰ ਦੌਰਾਨ ਕਈ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਫਿਲਮ KGF ਵਿੱਚ ‘ਚਾਚਾ’ ਵਜੋਂ ਉਨ੍ਹਾਂ ਦੀ ਐਕਟਿੰਗ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਗਹਿਰੀ ਛਾਪ ਛੱਡੀ ਸੀ। ਇਸ ਤੋਂ ਇਲਾਵਾ, ਫਿਲਮ ‘ਓਮ’ ਵਿੱਚ ‘ਡੌਨ ਰਾਏ’ ਦਾ ਕਿਰਦਾਰ ਵੀ ਉਨ੍ਹਾਂ ਦੀ ਸਭ ਤੋਂ ਪ੍ਰਭਾਵਸ਼ਾਲੀ ਭੂਮਿਕਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।
ਉਨ੍ਹਾਂ ਦੀ ਮੌਤ ਦੀ ਖ਼ਬਰ ਆਉਂਦੇ ਹੀ ਕੰਨੜ, ਤਾਮਿਲ ਅਤੇ ਤੇਲਗੂ ਫਿਲਮ ਇੰਡਸਟਰੀ ਦੇ ਕਈ ਅਦਾਕਾਰਾਂ, ਨਿਰਦੇਸ਼ਕਾਂ ਅਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਸ਼ਰਧਾਂਜਲੀ ਦਿੱਤੀ। ਹਰੀਸ਼ ਰਾਏ ਦਾ ਅਦਾਕਾਰੀ ਸਫਰ ਹਮੇਸ਼ਾ ਯਾਦ ਰਹੇਗਾ — ਉਹਨਾਂ ਨੇ ਹਰ ਕਿਰਦਾਰ ਨੂੰ ਆਪਣੀ ਖ਼ਾਸ ਅਦਾਕਾਰੀ ਨਾਲ ਜੀਵੰਤ ਕੀਤਾ।

