ਦੀਵਾਲੀ ਤੋਂ ਬਾਅਦ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਨਾਲ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦਾਂ ਨੂੰ ਛੂਹ ਰਿਹਾ ਹੈ। ਦਿੱਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (AQI) 200 ਤੋਂ ਵੀ ਉੱਪਰ ਦਰਜ ਹੋ ਰਿਹਾ ਹੈ। ਖ਼ਾਸ ਕਰਕੇ ਪਰਾਲੀ ਸਾੜਨ ਦੇ ਵੱਧ ਮਾਮਲਿਆਂ ਕਾਰਨ ਪੰਜਾਬ ਦੀ ਹਵਾ ਵਿੱਚ ਜ਼ਹਿਰਲੇ ਧੂੰਏ ਦੀ ਮਾਤਰਾ ਤੇਜ਼ੀ ਨਾਲ ਵਧ ਰਹੀ ਹੈ। ਇਸ ਨਾਲ ਸਾਹ ਦੀਆਂ ਬਿਮਾਰੀਆਂ ਦੇ ਨਾਲ ਨਾਲ ਅੱਖਾਂ ਦੇ ਇਨਫੈਕਸ਼ਨ ਅਤੇ ਐਲਰਜੀ ਦੇ ਕੇਸ ਵੀ ਰੋਜ਼ਾਨਾ ਵਧ ਰਹੇ ਹਨ।
ਅੱਖਾਂ ‘ਤੇ ਪ੍ਰਦੂਸ਼ਣ ਦੇ ਅਸਰ
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਹਵਾ ਵਿੱਚ ਧੂੰਆ, ਧੂੜ ਅਤੇ ਸੂਖਮ ਕਣ (PM2.5 ਅਤੇ PM10) ਦੀ ਮਾਤਰਾ ਵਧਣ ਨਾਲ ਅੱਖਾਂ ‘ਚ ਲਾਲੀ, ਜਲਨ, ਖੁਜਲੀ, ਪਾਣੀ ਆਉਣਾ ਅਤੇ ਸੁੱਕਾਪਣ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਦਿਨ ਦੇ ਸਮੇਂ ਬਾਹਰ ਜਾਣ ਵਾਲੇ ਲੋਕ, ਖ਼ਾਸ ਕਰਕੇ ਬੱਚੇ ਅਤੇ ਵੱਡੀ ਉਮਰ ਦੇ ਬਜ਼ੁਰਗ, ਇਸ ਦੇ ਸਭ ਤੋਂ ਵੱਧ ਸ਼ਿਕਾਰ ਬਣ ਰਹੇ ਹਨ। ਕਈ ਲੋਕਾਂ ਨੂੰ ਅੱਖਾਂ ਖੋਲ੍ਹ ਕੇ ਦੇਖਣ ਵਿੱਚ ਵੀ ਦਿੱਕਤ ਆ ਰਹੀ ਹੈ।
ਸਾਵਧਾਨੀਆਂ ਅਤੇ ਘਰੇਲੂ ਨੁਸਖੇ
ਡਾਕਟਰਾਂ ਅਤੇ ਹੈਲਥ ਐਕਸਪਰਟਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਦੂਸ਼ਣ ਵਾਲੇ ਦਿਨਾਂ ਵਿੱਚ ਸੰਭਵ ਹੋਵੇ ਤਾਂ ਘਰ ਵਿੱਚ ਹੀ ਰਹੋ। ਜੇ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਇਹ ਸਾਵਧਾਨੀਆਂ ਜ਼ਰੂਰ ਅਪਣਾਓ:
- ਚਸ਼ਮੇ ਦੀ ਵਰਤੋਂ ਕਰੋ : ਬਾਹਰ ਨਿਕਲਦੇ ਸਮੇਂ ਐਸੇ ਚਸ਼ਮੇ ਪਹਿਨੋ ਜੋ ਅੱਖਾਂ ਨੂੰ ਪੂਰੀ ਤਰ੍ਹਾਂ ਢੱਕ ਲੈਣ।
- ਐਂਟੀ-ਆਕਸੀਡੈਂਟਸ ਖਾਓ : ਹਰੇ ਪੱਤੇ ਵਾਲੀਆਂ ਸਬਜ਼ੀਆਂ, ਗਾਜਰ, ਪਪੀਤਾ, ਅਨਾਰ, ਅਖਰੋਟ ਅਤੇ ਵਿਟਾਮਿਨ C ਵਾਲੇ ਫਲ ਅੱਖਾਂ ਦੀ ਸਿਹਤ ਲਈ ਲਾਭਦਾਇਕ ਹਨ।
- ਅੱਖਾਂ ਨੂੰ ਰਗੜੋ ਨਾ : ਧੂੰਏਂ ਜਾਂ ਧੂੜ ਕਾਰਨ ਅੱਖਾਂ ‘ਚ ਕੋਈ ਕਣ ਪੈ ਜਾਣ ‘ਤੇ ਉਨ੍ਹਾਂ ਨੂੰ ਰਗੜਨ ਦੀ ਬਜਾਏ ਠੰਡੇ ਪਾਣੀ ਨਾਲ ਧੋਵੋ।
- ਖੀਰੇ ਜਾਂ ਬਰਫ਼ ਦੇ ਟੁਕੜੇ : ਜਲਨ ਜਾਂ ਲਾਲੀ ਹੋਣ ‘ਤੇ ਅੱਖਾਂ ‘ਤੇ ਖੀਰੇ ਦੇ ਟੁਕੜੇ ਰੱਖੋ ਜਾਂ ਹੌਲੀ-ਹੌਲੀ ਬਰਫ਼ ਰਗੜੋ, ਇਸ ਨਾਲ ਤੁਰੰਤ ਠੰਡਕ ਮਿਲੇਗੀ।
- ਸਕ੍ਰੀਨ ਤੋਂ ਬਚੋ : ਕੰਪਿਊਟਰ, ਮੋਬਾਈਲ ਜਾਂ ਟੀਵੀ ਦੇ ਸਕ੍ਰੀਨ ਤੋਂ ਦੂਰ ਰਹੋ ਤਾਂ ਕਿ ਅੱਖਾਂ ਨੂੰ ਆਰਾਮ ਮਿਲੇ।
- ਸਾਫ਼-ਸਫ਼ਾਈ ਦਾ ਖ਼ਿਆਲ : ਵਾਰ-ਵਾਰ ਅੱਖਾਂ ਨੂੰ ਗੰਦੇ ਹੱਥਾਂ ਨਾਲ ਛੂਹਣ ਤੋਂ ਬਚੋ, ਨਹੀਂ ਤਾਂ ਇਨਫੈਕਸ਼ਨ ਦਾ ਖ਼ਤਰਾ ਵਧ ਸਕਦਾ ਹੈ।
ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਅਪੀਲ
ਪੰਜਾਬ ਸਰਕਾਰ ਅਤੇ ਹੈਲਥ ਵਿਭਾਗ ਵੱਲੋਂ ਵੀ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ ਅਤੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਅਤੇ ਚਸ਼ਮੇ ਦੀ ਵਰਤੋਂ ਕਰਨ ਲਈ ਕਿਹਾ ਹੈ।
ਮਾਹਿਰਾਂ ਦੇ ਅਨੁਸਾਰ ਜੇਕਰ ਪ੍ਰਦੂਸ਼ਣ ਦੇ ਦਿਨਾਂ ਵਿੱਚ ਉਪਰੋਕਤ ਤਰੀਕੇ ਅਪਣਾਏ ਜਾਣ, ਤਾਂ ਅੱਖਾਂ ਦੀ ਜਲਨ, ਖੁਜਲੀ ਅਤੇ ਐਲਰਜੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।