ਗੁਰਦਾਸਪੁਰ: ਗੁਰਦਾਸਪੁਰ ‘ਚ ਪੰਜਾਬ ਵਾਚ ਕੰਪਨੀ ਦੀ ਦੁਕਾਨ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਜ਼ਿੰਮੇਵਾਰ ਲੋਕਾਂ ਦੀ ਤਲਾਸ਼ ਕਰ ਰਹੀ ਸੀ। ਅੱਜ ਮੰਗਲਵਾਰ ਸਵੇਰੇ ਚੈਕਿੰਗ ਦੌਰਾਨ ਪੁਲਿਸ ਨੂੰ ਇਕ ਸ਼ੱਕੀ ਨੌਜਵਾਨ ਮਿਲਿਆ ਜੋ ਬਿਨਾਂ ਨੰਬਰ ਪਲੇਟ ਵਾਲੀ ਪਲਸਰ ਬਾਈਕ ‘ਤੇ ਸਵਾਰ ਸੀ। ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ‘ਤੇ ਉਹ ਭੱਜ ਗਿਆ।ਪੁਲਿਸ ਨੇ ਤੁਰੰਤ ਪਿੱਛਾ ਕੀਤਾ। ਜਦੋਂ ਨੌਜਵਾਨ ਬਬਰੀ ਬਾਈਪਾਸ ਤੇ ਨਵੀਪੁਰ ਦੇ ਵਿਚਕਾਰ ਗੰਦੇ ਨਾਲੇ ਵੱਲ ਭੱਜ ਰਿਹਾ ਸੀ, ਤਦ ਉਸਨੇ ਪੁਲਿਸ ‘ਤੇ ਗੋਲੀਆਂ ਚਲਾਈਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਮੁਠਭੇੜ ਦੌਰਾਨ ਇਕ ਬਦਮਾਸ਼ ਦੇ ਪੈਰ ‘ਚ ਗੋਲੀ ਲੱਗੀ।
ਜ਼ਖਮੀ ਬਦਮਾਸ਼ ਨੂੰ ਤੁਰੰਤ ਗੁਰਦਾਸਪੁਰ ਸਿਵਲ ਹਸਪਤਾਲ ਭੇਜਿਆ ਗਿਆ। ਪੁਲਿਸ ਮੁਤਾਬਕ ਉਸ ਦੀ ਪਛਾਣ ਹੋ ਚੁੱਕੀ ਹੈ ਅਤੇ ਉਸ ਤੋਂ ਠੀਕ ਹੋਣ ਮਗਰੋਂ ਪੁੱਛਗਿੱਛ ਕੀਤੀ ਜਾਵੇਗੀ।ਇਲਾਕੇ ‘ਚ ਨਾਕਾਬੰਦੀ ਹੋਰ ਸਖਤ ਕਰ ਦਿੱਤੀ ਗਈ ਹੈ ਤਾਂ ਜੋ ਹੋਰ ਸ਼ੱਕੀ ਲੋਕਾਂ ਨੂੰ ਫੜਿਆ ਜਾ ਸਕੇ। ਵਾਰਦਾਤ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਪਰ ਹਾਲਾਤ ਹੁਣ ਨਿਯੰਤਰਣ ‘ਚ ਹਨ।