ਮਨੀਲਾ – ਦੱਖਣੀ-ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਜ਼ ਵਿੱਚ ਮੰਗਲਵਾਰ ਰਾਤ ਆਏ ਤਾਕਤਵਰ ਭੂਚਾਲ ਨੇ ਵੱਡੀ ਤਬਾਹੀ ਮਚਾ ਦਿੱਤੀ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.9 ਦਰਜ ਕੀਤੀ ਗਈ, ਜਿਸ ਕਾਰਨ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਹਨ। ਸਰਕਾਰ ਦੇ ਅਨੁਸਾਰ, ਇਹ ਇਸ ਸਾਲ ਦੀ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਹੈ।
ਸੇਬੂ ਸਿਟੀ ਦੇ ਤੱਟੀ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ
ਰਾਤ ਲਗਭਗ 10 ਵਜੇ ਸੇਬੂ ਸਿਟੀ ਦੇ ਤੱਟੀ ਇਲਾਕਿਆਂ ਵਿੱਚ ਅਚਾਨਕ ਧਰਤੀ ਹਿਲਣ ਲੱਗੀ। ਲੋਕ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਭੱਜਣ ਲੱਗੇ। ਭੂਚਾਲ ਦੀ ਤਾਕਤ ਐਨੀ ਜ਼ੋਰਦਾਰ ਸੀ ਕਿ ਕਈ ਇਮਾਰਤਾਂ ਢਹਿ ਗਈਆਂ।
ਸੈਨ ਰੇਮਿਗਿਓ ਸਿਟੀ ਦੇ ਮੇਅਰ ਐਲਫੀ ਰੇਨਜ਼ ਨੇ ਮੀਡੀਆ ਨੂੰ ਦੱਸਿਆ ਕਿ ਮੌਤਾਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ ਸਿਰਫ਼ ਸੇਬੂ ਸੂਬੇ ਵਿੱਚ ਹੀ 21 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਜ਼ਖਮੀਆਂ ਦਾ ਇਲਾਜ ਜਾਰੀ, ਲੋਕਾਂ ਵਿੱਚ ਦਹਿਸ਼ਤ
ਭੂਚਾਲ ਦੌਰਾਨ ਢਹਿ ਗਈ ਇੱਕ ਇਮਾਰਤ ਹੇਠਾਂ ਆਉਣ ਨਾਲ ਲਗਭਗ 37 ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਸੁਨਾਮੀ ਦੀ ਚੇਤਾਵਨੀ ਨਹੀਂ, ਪਰ ਲੋਕਾਂ ਨੂੰ ਰਹਿਣਾ ਪਿਆ ਸਾਵਧਾਨ
ਭੂਚਾਲ ਤੋਂ ਬਾਅਦ ਸਮੁੰਦਰ ਦੇ ਪੱਧਰ ਵਿੱਚ ਬਦਲਾਅ ਦੇ ਅਸਾਰ ਦੇਖਦੇ ਹੋਏ ਫਿਲੀਪੀਨਜ਼ ਭੂਚਾਲ ਵਿਗਿਆਨ ਏਜੰਸੀ ਵੱਲੋਂ ਲੋਕਾਂ ਨੂੰ ਤੱਟੀ ਇਲਾਕਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਸੀ। ਹਾਲਾਂਕਿ, ਤਿੰਨ ਘੰਟੇ ਬਾਅਦ ਇਹ ਚੇਤਾਵਨੀ ਵਾਪਸ ਲੈ ਲਈ ਗਈ ਕਿਉਂਕਿ ਸੁਨਾਮੀ ਦਾ ਖ਼ਤਰਾ ਨਹੀਂ ਸੀ।
ਭੂਚਾਲਾਂ ਦੀ ਮਾਰ ਤਹਿਤ ਫਿਲੀਪੀਨਜ਼
ਫਿਲੀਪੀਨਜ਼ ਦਾ ਭੌਗੋਲਿਕ ਸਥਾਨ ਪੈਸਿਫ਼ਿਕ ਰਿੰਗ ਆਫ਼ ਫਾਇਰ ਦੇ ਨੇੜੇ ਹੈ, ਜਿਸ ਕਾਰਨ ਇੱਥੇ ਅਕਸਰ ਭੂਚਾਲ ਅਤੇ ਜਵਾਲਾਮੁਖੀ ਵਿਸਫੋਟ ਹੁੰਦੇ ਰਹਿੰਦੇ ਹਨ। ਇੱਥੇ ਪਿਛਲੇ ਸਾਲਾਂ ਦੌਰਾਨ ਵੀ ਕਈ ਤਾਕਤਵਰ ਭੂਚਾਲ ਆਏ ਹਨ, ਜਿਨ੍ਹਾਂ ਨੇ ਵੱਡੀ ਜਾਨਮਾਲੀ ਹਾਨੀ ਕੀਤੀ ਹੈ।