Site icon Punjab Mirror

ਈ-ਕਾਮਰਸ ਕੰਪਨੀ ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ Amazon ਨੂੰ ਸੰਮਨ, ਨੋਟਿਸ ਬਗੈਰ ਕੱਢਣਾ ਗੈਰ-ਕਾਨੂੰਨੀ!

ਈ-ਕਾਮਰਸ ਕੰਪਨੀ ਐਮਾਜ਼ਾਨ ਇੰਡੀਆ ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ ਕਿਰਤ ਮੰਤਰਾਲੇ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਿਰਤ ਮੰਤਰਾਲੇ ਨੇ ਕਰਮਚਾਰੀ ਸੰਘ ਦੀ ਸ਼ਿਕਾਇਤ ‘ਤੇ ਕੰਪਨੀ ਨੂੰ ਸੰਮਨ ਭੇਜ ਕੇ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਹੈ। ਇਸ ਅਮਰੀਕੀ ਈ-ਕਾਮਰਸ ਕੰਪਨੀ ਨੇ ਪਿਛਲੇ ਦਿਨੀਂ 10,000 ਕਰਮਚਾਰੀਆਂ ਦੀ ਛਾਂਟੀ ਦੀ ਗੱਲ ਕੀਤੀ ਸੀ ਅਤੇ ਇੰਜੀਨੀਅਰਾਂ, ਵਿਗਿਆਨੀਆਂ ਸਮੇਤ ਕਈ ਅਹੁਦਿਆਂ ‘ਤੇ ਤਾਇਨਾਤ ਕਰਮਚਾਰੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

ਤਕਨੀਕੀ ਕਰਮਚਾਰੀਆਂ ਦੇ ਸੰਗਠਨ ਯੂਨੀਅਨ ਨੈਸੈਂਟ ਇਨਫਰਮੇਸ਼ਨ ਟੈਕਨਾਲੋਜੀ ਇੰਪਲਾਈਜ਼ ਸੈਨੇਟ (ਐਨਆਈਟੀਈਐਸ) ਨੇ ਕਿਰਤ ਮੰਤਰਾਲੇ ਨੂੰ ਭੇਜੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਐਮਾਜ਼ਾਨ ਨੇ ਕਰਮਚਾਰੀਆਂ ਦੀ ਛਾਂਟੀ ਦੇ ਮਾਮਲੇ ਵਿੱਚ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਕਿਰਤ ਕਾਨੂੰਨ ਨੂੰ ਤੋੜ ਕੇ ਇਹ ਕਦਮ ਚੁੱਕਿਆ ਹੈ।

ਰਿਪੋਰਟ ਮੁਤਾਬਕ ਕਿਰਤ ਮੰਤਰਾਲੇ ਦੁਆਰਾ ਜਾਰੀ ਨੋਟਿਸ ‘ਤੇ ਡਿਪਟੀ ਚੀਫ਼ ਲੇਬਰ ਕਮਿਸ਼ਨਰ, ਬੰਗਲੌਰ ਦੇ ਹਸਤਾਖਰ ਹਨ ਅਤੇ ਸੰਮਨ ਐਮਾਜ਼ਾਨ ਇੰਡੀਆ ਦੇ ਭਾਰਤੀ ਪ੍ਰਤੀਨਿਧੀ ਨੂੰ ਭੇਜੇ ਗਏ ਹਨ, ਜਿਨ੍ਹਾਂ ਨੂੰ ਬੁੱਧਵਾਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ ਹੈ।

ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਐਮਾਜ਼ਾਨ ਅਧਿਕਾਰੀ ਜਾਂ ਕਿਸੇ ਅਧਿਕਾਰਤ ਪ੍ਰਤੀਨਿਧੀ ਨੂੰ ਤੈਅ ਸਮੇਂ ਅਤੇ ਦਿਨ ਸਾਰੇ ਸਬੂਤਾਂ ਅਤੇ ਦਸਤਾਵੇਜ਼ਾਂ ਦੇ ਨਾਲ ਕਿਰਤ ਵਿਭਾਗ ਦੇ ਦਫ਼ਤਰ ਵਿੱਚ ਹਾਜ਼ਰ ਹੋਣਾ ਹੋਵੇਗਾ। ਇਸ ਤੋਂ ਪਹਿਲਾਂ NITES ਨੇ ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੂੰ ਭੇਜੀ ਸ਼ਿਕਾਇਤ ‘ਚ ਕਿਹਾ ਸੀ ਕਿ ਅਮੇਜ਼ਨ ਆਪਣੇ ਕਰਮਚਾਰੀਆਂ ‘ਤੇ ਕੰਪਨੀ ਛੱਡਣ ਲਈ ਦਬਾਅ ਬਣਾ ਰਹੀ ਹੈ ਅਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

ਐਮਾਜ਼ੋਨ ਵੱਲੋਂ ਕਰਮਚਾਰੀਆਂ ਨੂੰ ਭੇਜੇ ਈ-ਮੇਲ ਵਿੱਚ ਉਨ੍ਹਾਂ ਨੂੰ 30 ਨਵੰਬਰ ਤੱਕ ਸੇਪਰੇਸ਼ਨ ਪ੍ਰੋਸੈੱਸ ਪੂਰਾ ਕਰਨ ਦੀ ਡੈੱਡਲਾਈਨ ਦਿੱਤੀ ਗਈ ਹੈ। ਕੰਪਨੀ ਦੇ ਇਸ ਕਦਮ ਨਾਲ ਕਰਮਚਾਰੀਆਂ ਦੇ ਪਰਿਵਾਰ ‘ਤੇ ਗੰਭੀਰ ਅਸਰ ਪਏਗਾ।

NITES ਨੇ ਕਿਰਤ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਦਯੋਗਿਕ ਵਿਵਾਦ ਐਕਟ ਦੇ ਤਹਿਤ, ਕੋਈ ਵੀ ਮਾਲਕ ਸਰਕਾਰ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਕਰਮਚਾਰੀਆਂ ਨੂੰ ਬਰਖਾਸਤ ਨਹੀਂ ਕਰ ਸਕਦਾ ਹੈ। ਇਸ ਸਬੰਧੀ ਸ਼ਿਕਾਇਤ ਦੀ ਕਾਪੀ ਐਮਾਜ਼ਾਨ ਦੇ ਪ੍ਰਤੀਨਿਧੀ ਨੂੰ ਵੀ ਭੇਜੀ ਗਈ ਹੈ। ਕਰਮਚਾਰੀ ਸੰਗਠਨ ਨੇ ਕਿਹਾ ਹੈ ਕਿ ਜੇ ਕਿਸੇ ਕਰਮਚਾਰੀ ਨੇ ਇਕ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਤਾਂ ਉਸ ਨੂੰ ਤਿੰਨ ਮਹੀਨੇ ਦਾ ਨੋਟਿਸ ਦਿੱਤੇ ਬਿਨਾਂ ਕੰਪਨੀ ਤੋਂ ਬਰਖਾਸਤ ਨਹੀਂ ਕੀਤਾ ਜਾ ਸਕਦਾ। NITES ਦੇ ਪ੍ਰਧਾਨ ਹਰਪ੍ਰੀਤ ਸਲੂਜਾ ਨੇ ਕਿਹਾ ਕਿ ਅਸੀਂ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉਮੀਦ ਕਰ ਰਹੇ ਹਾਂ ਕਿ ਸਰਕਾਰੀ ਏਜੰਸੀਆਂ ਉਸ ਪ੍ਰਕਿਰਿਆ ਨੂੰ ਰੋਕ ਦੇਣਗੀਆਂ ਜੋ ਐਮਾਜ਼ਾਨ ਨੇ ਆਪਣੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਲਈ ਅਪਣਾਇਆ ਹੈ।

ਅਹਿਮ ਗੱਲ ਇਹ ਹੈ ਕਿ ਐਮਾਜ਼ਾਨ ਨੇ ਹਾਲ ਹੀ ਵਿੱਚ 10,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ ਅਤੇ ਇਹ ਪਿਛਲੇ ਹਫ਼ਤੇ ਹੀ ਸ਼ੁਰੂ ਹੋ ਚੁੱਕਾ ਹੈ। ਕੰਪਨੀ ਨੇ ਕਿਹਾ ਸੀ ਕਿ ਹੁਣ ਕਈ ਅਹੁਦਿਆਂ ‘ਤੇ ਕਰਮਚਾਰੀਆਂ ਦੀ ਲੋੜ ਨਹੀਂ ਹੈ, ਇਸ ਲਈ ਕੁਝ ਰੋਲ ਨੂੰ ਖਤਮ ਕੀਤਾ ਜਾ ਰਿਹਾ ਹੈ। ਅਜਿਹੇ ਕਰਮਚਾਰੀਆਂ ਦਾ ਕਾਰਜਕਾਲ 17 ਜਨਵਰੀ 2023 ਤੱਕ ਹੋਵੇਗਾ ਅਤੇ ਉਸ ਤੋਂ ਬਾਅਦ ਸੇਵਾ ਖਤਮ ਮੰਨੀ ਜਾਵੇਗੀ।

Exit mobile version