ਦਿੱਲੀ ਵਿੱਚ ਐਤਵਾਰ ਨੂੰ ਛਾਉਣੀ ਖੇਤਰ ਵਿੱਚ ਹੋਏ ਦਰਦਨਾਕ ਬੀਐਮਡਬਲਯੂ ਹਾਦਸੇ ਨੇ ਨਾ ਸਿਰਫ਼ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਬਲਕਿ ਇਸ ਦੀ ਜਾਂਚ ਵਿੱਚ ਹਰ ਰੋਜ਼ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ, ਹਾਦਸੇ ਦੇ ਪੀੜਤ ਨਵਜੋਤ ਸਿੰਘ ਨੂੰ 22 ਕਿਲੋਮੀਟਰ ਦੂਰ ਜੀਟੀਬੀ ਨਗਰ ਵਿੱਚ ਸਥਿਤ ਹਸਪਤਾਲ ਵਿੱਚ ਲਿਜਾਣ ਦੇ ਪਿੱਛੇ ਦਾ ਕਾਰਨ ਸਾਹਮਣੇ ਆ ਗਿਆ ਹੈ। ਪੁਲਿਸ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਿਸ ਹਸਪਤਾਲ ਵਿੱਚ ਜ਼ਖ਼ਮੀਆਂ ਨੂੰ ਦਾਖ਼ਲ ਕੀਤਾ ਗਿਆ, ਉਹ ਹਸਪਤਾਲ ਹਾਦਸੇ ਦੇ ਮੁਲਜ਼ਮ ਦੀ ਮਾਸੀ ਦੇ ਪੁੱਤਰ ਗਗਨਪ੍ਰੀਤ ਦੇ ਪਰਿਵਾਰ ਨਾਲ ਸੰਬੰਧਤ ਹੈ। ਹਸਪਤਾਲ ਦਾ ਮਾਲਕ ਗਗਨਪ੍ਰੀਤ ਦਾ ਭਰਾ ਹੈ, ਜਦਕਿ ਗਗਨਪ੍ਰੀਤ ਦੇ ਪਿਤਾ ਜੈਵਿੰਦਰ ਗ੍ਰੇਟਰ ਕੈਲਾਸ਼ ਸਥਿਤ ਉਸੇ ਹਸਪਤਾਲ ਦੇ ਭਾਈਵਾਲ ਹਨ।
ਇਸ ਖੁਲਾਸੇ ਨਾਲ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਨੇੜਲੇ ਆਰਮੀ ਬੇਸ ਹਸਪਤਾਲ ਦੀ ਬਜਾਏ, ਜਾਣ-ਪਹਿਚਾਣ ਵਾਲੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।
ਪੁਲਿਸ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ?
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਜਾਂਚ ਕਰ ਰਹੇ ਹਨ ਕਿ ਆਖ਼ਿਰ ਗਗਨਪ੍ਰੀਤ ਅਤੇ ਉਸ ਦੇ ਪਤੀ ਨੇ ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕਿਉਂ ਨਹੀਂ ਕੀਤਾ। ਜੇਕਰ ਸਮੇਂ ਸਿਰ ਪੁਲਿਸ ਨੂੰ ਬੁਲਾਇਆ ਜਾਂਦਾ, ਤਾਂ ਪੀੜਤਾਂ ਨੂੰ ਕੁਝ ਮੀਟਰ ਦੂਰ ਸਥਿਤ ਆਰਮੀ ਬੇਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾ ਸਕਦਾ ਸੀ, ਜਿੱਥੇ ਵਧੀਆ ਅਤੇ ਤੁਰੰਤ ਇਲਾਜ ਦੀ ਸੁਵਿਧਾ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਨਾਲ ਨਵਜੋਤ ਸਿੰਘ ਦੀ ਜ਼ਿੰਦਗੀ ਬਚ ਸਕਦੀ ਸੀ।
ਪਰਿਵਾਰ ’ਚ ਮਾਤਮ ਦਾ ਮਾਹੌਲ
ਪੋਸਟਮਾਰਟਮ ਮਗਰੋਂ ਮ੍ਰਿਤਕ ਨਵਜੋਤ ਸਿੰਘ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਲਾਸ਼ ਨੂੰ ਵੈਂਕਟੇਸ਼ਵਰ ਹਸਪਤਾਲ ਲਿਜਾਇਆ ਗਿਆ, ਜਿੱਥੇ ਨਵਜੋਤ ਦੀ ਪਤਨੀ ਸੰਦੀਪ ਕੌਰ ਪਹਿਲਾਂ ਹੀ ਇਲਾਜ ਅਧੀਨ ਸੀ। ਜਦੋਂ ਸੰਦੀਪ ਕੌਰ ਨੇ ਆਪਣੇ ਪਤੀ ਦੀ ਲਾਸ਼ ਦੇਖੀ ਤਾਂ ਉਹ ਰੋ ਪਈ ਅਤੇ ਗ਼ਮ ਨਾਲ ਬੇਹੋਸ਼ ਹੋ ਗਈ। ਹਸਪਤਾਲ ਵਿੱਚ ਮੌਜੂਦ ਪਰਿਵਾਰਕ ਮੈਂਬਰ ਅਤੇ ਸਹਾਇਕਾਂ ਨੇ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਘਰ ਦੇ ਮੁੱਖ ਸਹਾਰੇ ਦੀ ਅਚਾਨਕ ਮੌਤ ਨੇ ਸਾਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।
ਜਾਂਚ ਤੇਜ਼, ਸਵਾਲ ਬੇਸ਼ੁਮਾਰ
ਇਸ ਪੂਰੇ ਮਾਮਲੇ ਨੇ ਜੇਹੜੇ ਸਵਾਲ ਖੜ੍ਹੇ ਕੀਤੇ ਹਨ, ਉਹ ਪੁਲਿਸ ਜਾਂਚ ਨੂੰ ਹੋਰ ਗੰਭੀਰ ਬਣਾ ਰਹੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪੀੜਤ ਨੂੰ ਜਾਣ-ਬੁੱਝ ਕੇ ਪਰਿਵਾਰਕ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਜੋ ਹਾਦਸੇ ਦੇ ਸਬੂਤ ਛੁਪਾਏ ਜਾ ਸਕਣ? ਕੀ ਸਮੇਂ ਸਿਰ ਪੁਲਿਸ ਅਤੇ ਨੇੜਲੇ ਹਸਪਤਾਲਾਂ ਨੂੰ ਸੂਚਿਤ ਨਾ ਕਰਕੇ ਪੀੜਤ ਦੀ ਜ਼ਿੰਦਗੀ ਨਾਲ ਖਿਡਵਾੜ ਕੀਤੀ ਗਈ?
ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਜਾਂਚ ਜਾਰੀ ਹੈ ਅਤੇ ਸਾਰੇ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।