ਅੱਜ ਸਵੇਰੇ ਬੈਂਗਲੁਰੂ ਦੇ ਵਿਲਸਨ ਗਾਰਡਨ ਇਲਾਕੇ ਵਿੱਚ ਵੱਡਾ ਹਾਦਸਾ ਵਾਪਰਿਆ। ਸਵੇਰੇ ਕਰੀਬ 8:30 ਵਜੇ ਗੈਸ ਸਿਲੰਡਰ ਫਟਣ ਨਾਲ 10 ਸਾਲਾ ਲੜਕੇ ਮੁਬਾਰਕ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਕਸਤੁਰੰਮਾ ਅਤੇ ਨਰਸੰਭਾ ਨਾਮ ਦੀਆਂ ਔਰਤਾਂ ਨੂੰ ਗੰਭੀਰ ਹਾਲਤ ਵਿੱਚ ਵਿਕਟੋਰੀਆ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਧਮਾਕਾ ਕੇਂਦਰੀ ਬੈਂਗਲੁਰੂ ਦੇ ਚਿਨਯਨਪਾਲਿਆ (ਵਿਲਸਨ ਗਾਰਡਨ) ਵਿੱਚ ਵਾਪਰਿਆ। ਧਮਾਕਾ ਇੰਨਾ ਤਗੜਾ ਸੀ ਕਿ ਨੇੜਲੇ ਕਈ ਘਰਾਂ ਦੀਆਂ ਛੱਤਾਂ ਤੇ ਕੰਧਾਂ ਢਹਿ ਗਈਆਂ। ਇਲਾਕਾ ਘਣਾ ਵਸਿਆ ਹੋਇਆ ਹੈ ਅਤੇ ਘਰ ਇੱਕ ਦੂਜੇ ਨਾਲ ਲੱਗੇ ਹੋਏ ਹਨ, ਇਸ ਕਰਕੇ ਨੁਕਸਾਨ ਕਾਫੀ ਵੱਡਾ ਹੋਇਆ।
ਹਾਦਸੇ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਪੁਲਿਸ ਕਮਿਸ਼ਨਰ ਸਿਮੰਤ ਕੁਮਾਰ ਸਿੰਘ ਮੌਕੇ ‘ਤੇ ਪਹੁੰਚੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ ਅਤੇ ਮਰਨ ਵਾਲੇ ਬੱਚੇ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਫਿਲਹਾਲ ਬਚਾਅ ਕਾਰਜ ਜਾਰੀ ਹਨ ਅਤੇ ਕਈ ਘਰ ਮਲਬੇ ਵਿੱਚ ਤਬਦੀਲ ਹੋਏ ਦਿਖ ਰਹੇ ਹਨ। ਹਾਦਸੇ ਸਮੇਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸੌਂ ਰਹੇ ਸਨ।