ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਬੁਆਨਾ ਲੱਖੂ ਪਿੰਡ ਵਿੱਚ ਹੋਈ ਗ੍ਰਾਮ ਪੰਚਾਇਤ ਦੀ ਚੋਣ ਵਿੱਚ ਸੁਪਰੀਮ ਕੋਰਟ ਦੇ ਹੁਕਮ ’ਤੇ ਵੋਟਾਂ ਦੀ ਮੁੜ ਗਿਣਤੀ ਕਰਵਾਈ ਗਈ। ਨਤੀਜਾ ਹੈਰਾਨ ਕਰਨ ਵਾਲਾ ਸੀ — ਜੋ ਉਮੀਦਵਾਰ ਪਹਿਲਾਂ ਹਾਰ ਗਿਆ ਸੀ, ਉਹ ਜਿੱਤ ਗਿਆ।
ਇਹ ਮਾਮਲਾ 2 ਨਵੰਬਰ 2022 ਨੂੰ ਹੋਈਆਂ ਪੰਚਾਇਤ ਚੋਣਾਂ ਨਾਲ ਜੁੜਿਆ ਹੈ। ਉਸ ਵੇਲੇ ਕੁਲਦੀਪ ਸਿੰਘ ਨੂੰ ਮੋਹਿਤ ਕੁਮਾਰ ਦੇ ਮੁਕਾਬਲੇ ਜੇਤੂ ਘੋਸ਼ਿਤ ਕੀਤਾ ਗਿਆ ਸੀ। ਮੋਹਿਤ ਕੁਮਾਰ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਵਧੀਕ ਸਿਵਲ ਜੱਜ-ਕਮ-ਚੋਣ ਟ੍ਰਿਬਿਊਨਲ ਵਿੱਚ ਪਟੀਸ਼ਨ ਦਾਇਰ ਕੀਤੀ। 22 ਅਪ੍ਰੈਲ 2025 ਨੂੰ ਟ੍ਰਿਬਿਊਨਲ ਨੇ ਬੂਥ ਨੰਬਰ 69 ਦੀ ਮੁੜ ਗਿਣਤੀ ਦਾ ਹੁਕਮ ਦਿੱਤਾ ਸੀ, ਪਰ ਪੰਜਾਬ-ਹਰਿਆਣਾ ਹਾਈ ਕੋਰਟ ਨੇ 1 ਜੁਲਾਈ 2025 ਨੂੰ ਇਹ ਹੁਕਮ ਰੱਦ ਕਰ ਦਿੱਤਾ।
ਨਿਰਾਸ਼ ਹੋ ਕੇ ਮੋਹਿਤ ਕੁਮਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। 31 ਜੁਲਾਈ ਨੂੰ ਕੋਰਟ ਨੇ ਨਾ ਸਿਰਫ਼ EVMs ਅਤੇ ਸਾਰੇ ਰਿਕਾਰਡ ਮੰਗਵਾਏ, ਸਗੋਂ ਇਕ ਰਜਿਸਟਰਾਰ ਦੀ ਹਾਜ਼ਰੀ ਵਿੱਚ ਸਾਰੇ ਬੂਥਾਂ (65 ਤੋਂ 70) ਦੀ ਮੁੜ ਗਿਣਤੀ ਕਰਨ ਦੇ ਆਦੇਸ਼ ਦਿੱਤੇ। ਇਹ ਗਿਣਤੀ 6 ਅਗਸਤ 2025 ਨੂੰ ਦੋਵਾਂ ਧਿਰਾਂ ਅਤੇ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਹੋਈ ਅਤੇ ਪੂਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਗਈ।
ਮੁੜ ਗਿਣਤੀ ਵਿੱਚ ਪਤਾ ਲੱਗਾ ਕਿ ਕੁੱਲ 3,767 ਵੋਟਾਂ ਵਿੱਚੋਂ ਮੋਹਿਤ ਕੁਮਾਰ ਨੂੰ 1,051 ਵੋਟਾਂ ਅਤੇ ਕੁਲਦੀਪ ਸਿੰਘ ਨੂੰ 1,000 ਵੋਟਾਂ ਮਿਲੀਆਂ। ਇਸ ਤਰ੍ਹਾਂ ਨਤੀਜਾ ਪੂਰੀ ਤਰ੍ਹਾਂ ਬਦਲ ਗਿਆ। ਸੁਪਰੀਮ ਕੋਰਟ ਨੇ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਪਾਣੀਪਤ ਨੂੰ ਦੋ ਦਿਨਾਂ ਅੰਦਰ ਨੋਟੀਫਿਕੇਸ਼ਨ ਜਾਰੀ ਕਰਕੇ ਮੋਹਿਤ ਕੁਮਾਰ ਨੂੰ ਸਰਪੰਚ ਘੋਸ਼ਿਤ ਕਰਨ ਦੇ ਆਦੇਸ਼ ਦਿੱਤੇ।
ਗਲਤੀ ਨਾਲ ਬਣ ਗਏ ਦੋ ਸਰਪੰਚ
2 ਨਵੰਬਰ 2022 ਨੂੰ ਹੋਈਆਂ ਚੋਣਾਂ ਵਿੱਚ ਇੱਕ ਛੋਟੀ ਜਿਹੀ ਗਲਤੀ ਕਾਰਨ ਕੁਝ ਘੰਟਿਆਂ ਲਈ ਪਿੰਡ ਵਿੱਚ ਦੋ ਸਰਪੰਚ ਬਣ ਗਏ ਸਨ। ਪ੍ਰੀਜ਼ਾਈਡਿੰਗ ਅਫਸਰ ਨੇ ਬੂਥ ਨੰਬਰ 69 ’ਤੇ ਮੋਹਿਤ ਦੀਆਂ ਵੋਟਾਂ ਕੁਲਦੀਪ ਦੇ ਖਾਤੇ ਵਿੱਚ ਅਤੇ ਕੁਲਦੀਪ ਦੀਆਂ ਵੋਟਾਂ ਮੋਹਿਤ ਦੇ ਖਾਤੇ ਵਿੱਚ ਗਲਤੀ ਨਾਲ ਜੋੜ ਦਿੱਤੀਆਂ। ਇਸ ਕਾਰਨ ਕੁਲਦੀਪ ਨੂੰ ਜੇਤੂ ਐਲਾਨ ਕੇ ਸਰਟੀਫਿਕੇਟ ਵੀ ਦੇ ਦਿੱਤਾ ਗਿਆ, ਪਰ ਹੁਣ ਮੁੜ ਗਿਣਤੀ ਨਾਲ ਸੱਚ ਸਾਹਮਣੇ ਆ ਗਿਆ।