ਚੰਡੀਗੜ੍ਹ : ਪੰਜਾਬ ਵਿੱਚ 14 ਅਗਸਤ ਤੋਂ ਸਰਕਾਰੀ ਬੱਸ ਸੇਵਾਵਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ। ਇਹ ਫ਼ੈਸਲਾ ਪੰਜਾਬ ਰੋਡਵੇਜ਼, ਪਨਬਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਚੱਲਣ ਵਾਲੀ ਹੜਤਾਲ ਦੇ ਐਲਾਨ ਤੋਂ ਬਾਅਦ ਲਿਆ ਗਿਆ। ਇਸ ਹੜਤਾਲ ਨਾਲ ਸੂਬੇ ਦੀਆਂ ਸੈਂਕੜੇ ਬੱਸਾਂ ਦੇ ਪਹੀਏ ਜਾਮ ਹੋ ਜਾਣਗੇ, ਜਿਸ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਯੂਨੀਅਨ ਦੇ ਅਨੁਸਾਰ, ਉਹ ਕਾਫ਼ੀ ਸਮੇਂ ਤੋਂ ਸਰਕਾਰ ਦੇ ਸਾਹਮਣੇ ਆਪਣੀਆਂ ਮੁੱਖ ਮੰਗਾਂ ਰੱਖ ਰਹੇ ਹਨ—ਜਿਵੇਂ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਹੇਠ ਚੱਲ ਰਹੀਆਂ ਬੱਸਾਂ ਨੂੰ ਬੰਦ ਕਰਨਾ, ਠੇਕੇਦਾਰ ਪ੍ਰਣਾਲੀ ਦਾ ਅੰਤ ਕਰਨਾ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ—ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਪੱਕਾ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ। ਕਰਮਚਾਰੀਆਂ ਦਾ ਦੋਸ਼ ਹੈ ਕਿ ਮੈਨੇਜਮੈਂਟ ਨੇ ਪਹਿਲਾਂ ਮੰਨੀਆਂ ਗਈਆਂ ਮੰਗਾਂ ਬਾਰੇ ਵੀ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ।
ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਹਾਲੀਆ ਸਰਕਾਰੀ ਮੀਟਿੰਗ ਵੀ ਬੇਨਤੀਜਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਟਾਲਮਟੋਲ ਦੀ ਨੀਤੀ ਅਪਣਾ ਕੇ ਸਿਰਫ਼ ਸਮਾਂ ਬਿਤਾਉਣ ਦੀ ਕੋਸ਼ਿਸ ਕਰ ਰਹੀ ਹੈ। ਇਸ ਕਰਕੇ, ਰੋਸ ਵਜੋਂ, 14 ਅਗਸਤ ਤੋਂ ਚੱਕਾ ਜਾਮ ਸ਼ੁਰੂ ਕਰ ਦਿੱਤਾ ਗਿਆ ਹੈ।
ਹੜਤਾਲ ਦੌਰਾਨ ਸਾਰੇ ਡਰਾਈਵਰ ਅਤੇ ਕੰਡਕਟਰ ਆਪਣੀਆਂ ਬੱਸਾਂ ਨਜ਼ਦੀਕੀ ਬੱਸ ਅੱਡਿਆਂ ’ਤੇ ਖੜ੍ਹੀਆਂ ਕਰਨਗੇ। ਯੂਨੀਅਨ ਨੇ ਇਹ ਵੀ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਜਿੱਥੇ ਵੀ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਝੰਡਾ ਲਹਿਰਾਉਣਗੇ, ਉਥੇ ਉਹ ਕਾਲੇ ਚੋਲੇ ਪਾ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਇਹ ਹੜਤਾਲ ਨਾ ਸਿਰਫ਼ ਪੰਜਾਬ ਦੇ ਅੰਦਰ, ਸਗੋਂ ਹੋਰ ਰਾਜਾਂ ਲਈ ਚੱਲਣ ਵਾਲੀਆਂ ਬੱਸ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰੇਗੀ।