ਚੰਡੀਗੜ੍ਹ/ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਸਿਹਤ ਸੰਭਾਲ ਅਤੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਮੇਤ ਹੋਰ ਸੰਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਜੋ ਹੜ੍ਹਾਂ ਕਾਰਨ ਪੈਦਾ ਹੋ ਰਹੀਆਂ ਸਿਹਤ ਸੰਬੰਧੀ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ।
ਸਮੀਖਿਆ ਮੀਟਿੰਗ ਦੌਰਾਨ CM ਮਾਨ ਨੇ ਦੱਸਿਆ ਕਿ ਹੜ੍ਹਾਂ ਕਾਰਨ ਸੂਬੇ ਦੇ ਕਈ ਪਿੰਡਾਂ ਅਤੇ ਜ਼ਿਲ੍ਹਿਆਂ ਵਿੱਚ ਵਿਆਪਕ ਨੁਕਸਾਨ ਹੋਇਆ ਹੈ। ਹੁਣ ਜਦੋਂ ਪਾਣੀ ਹੌਲੀ-ਹੌਲੀ ਘਟ ਰਿਹਾ ਹੈ, ਤਾਂ ਮਨੁੱਖਾਂ ਅਤੇ ਪਸ਼ੂਆਂ ਵਿੱਚ ਬੀਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਇਸ ਲਈ ਸਰਕਾਰ ਪਹਿਲਾਂ ਹੀ ਵੱਡੇ ਪੱਧਰ ‘ਤੇ ਪ੍ਰੀ-ਕਾਊਸ਼ਨਰੀ ਕਦਮ ਚੁੱਕ ਰਹੀ ਹੈ। ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ ਲਾਏ ਗਏ ਕੈਂਪਾਂ ਵਿੱਚ ਹੁਣ ਤੱਕ ਲਗਭਗ 1.50 ਲੱਖ ਲੋਕਾਂ ਦੀ ਸਿਹਤ ਜਾਂਚ ਹੋ ਚੁੱਕੀ ਹੈ। ਇਨ੍ਹਾਂ ਕੈਂਪਾਂ ਵਿੱਚ ਬੁਖ਼ਾਰ, ਪੇਚਸ਼, ਚਮੜੀ ਦੀਆਂ ਲਾਗਾਂ ਅਤੇ ਹੋਰ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਏ ਹਨ।
ਮੁੱਖ ਮੰਤਰੀ ਨੇ ਖ਼ਾਸ ਤੌਰ ‘ਤੇ ਪਿੰਡਾਂ, ਗਲੀਆਂ ਅਤੇ ਛੱਪੜਾਂ ਦੀ ਸਫ਼ਾਈ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬਾਹਰੀ ਫੌਗਿੰਗ, ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਕੂੜੇ ਦੇ ਸਮੇਂ ਸਿਰ ਇਕੱਠੇ ਕਰਨ ਨਾਲ ਮੱਛਰਾਂ ਦੇ ਪ੍ਰਜਨਨ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਹਰ ਪ੍ਰਭਾਵਿਤ ਖੇਤਰ ਵਿੱਚ ਵੱਡੇ ਪੱਧਰ ‘ਤੇ ਸਫ਼ਾਈ ਮੁਹਿੰਮਾਂ ਚਲਾਉਣੀਆਂ ਲਾਜ਼ਮੀ ਹਨ। ਉਨ੍ਹਾਂ ਨੇ ਹੁਕਮ ਦਿੱਤਾ ਕਿ 21 ਸਤੰਬਰ ਤੱਕ ਸਾਰੇ ਇਲਾਕਿਆਂ ਦੀ ਪੂਰੀ ਤਰ੍ਹਾਂ ਸਫ਼ਾਈ ਹੋ ਜਾਣੀ ਚਾਹੀਦੀ ਹੈ, ਜਿਸ ਵਿੱਚ ਪਸ਼ੂਆਂ ਦੇ ਵਾੜਿਆਂ ਅਤੇ ਖੁਰਾਕ ਰੱਖਣ ਵਾਲੀਆਂ ਥਾਵਾਂ ਦੀ ਸਫ਼ਾਈ ਵੀ ਸ਼ਾਮਲ ਹੋਵੇ।
ਪਸ਼ੂ ਪਾਲਣ ਨੂੰ ਧਿਆਨ ਵਿੱਚ ਰੱਖਦਿਆਂ CM ਮਾਨ ਨੇ ਕਿਹਾ ਕਿ ਪਸ਼ੂਆਂ ਦੀਆਂ ਖੁਰਲੀਆਂ ਅਤੇ ਪਾਣੀ ਪੀਣ ਵਾਲੀਆਂ ਥਾਵਾਂ ਦੀ ਸਫ਼ਾਈ ਲਈ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਹਨ। ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਪੋਟਾਸ਼ੀਅਮ ਪਰਮੈਗਨਾਈਟ ਮੁਫ਼ਤ ਦਿੱਤਾ ਜਾ ਰਿਹਾ ਹੈ, ਤਾਂ ਜੋ ਵਾੜਿਆਂ ਅਤੇ ਪਾਣੀ ਵਾਲੀਆਂ ਥਾਵਾਂ ਨੂੰ ਬਿਮਾਰੀਆਂ ਤੋਂ ਮੁਕਤ ਕੀਤਾ ਜਾ ਸਕੇ। ਪਸ਼ੂਆਂ ਦੇ ਖੁਰਾਂ ਨੂੰ ਵੀ ਨਿਯਮਿਤ ਤੌਰ ‘ਤੇ ਇਸ ਨਾਲ ਧੋਇਆ ਜਾਵੇਗਾ।
CM ਮਾਨ ਨੇ ਸਾਫ਼ ਪਾਣੀ ਦੀ ਸਪਲਾਈ ਉੱਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦੀ ਬਾਕਾਇਦਾ ਟੈਸਟਿੰਗ ਅਤੇ ਕਲੋਰੀਨੇਸ਼ਨ ਹੋਣੀ ਚਾਹੀਦੀ ਹੈ। ਜਲ ਸਪਲਾਈ ਪਾਈਪਲਾਈਨਾਂ ਵਿੱਚ ਕਿਤੇ ਵੀ ਲੀਕੇਜ ਹੋਣ ‘ਤੇ ਉਸਦੀ ਤੁਰੰਤ ਮੁਰੰਮਤ ਕੀਤੀ ਜਾਵੇ, ਤਾਂ ਜੋ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਇਹ ਮੁਸੀਬਤ ਦੀ ਘੜੀ ਹੈ ਅਤੇ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣਾ ਹੈ। ਇਸ ਮੌਕੇ ‘ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।