ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਨਵਾਂ ਮੁਹਿੰਮਾਤਮਕ ਮਿਸ਼ਨ ਸ਼ੁਰੂ ਕਰ ਦਿੱਤਾ ਹੈ। ‘ਮਿਸ਼ਨ ਚੜ੍ਹਦੀ ਕਲਾ’ ਦੇ ਨਾਮ ਨਾਲ ਸ਼ੁਰੂ ਕੀਤੇ ਇਸ ਅਭਿਆਨ ਰਾਹੀਂ ਸੀਐਮ ਮਾਨ ਨੇ ਸੂਬੇ ਦੇ ਲੋਕਾਂ ਨਾਲ ਨਾਲ ਦੇਸ਼-ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਅਤੇ ਹੋਰ ਭਾਰਤੀ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦੁਬਾਰਾ ਪੰਜਾਬ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਅੱਗੇ ਆਉਣ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਮਿਸ਼ਨ ਸਿਰਫ ਰਾਹਤ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੰਜਾਬ ਨੂੰ ਦੁਬਾਰਾ ਬਣਾਉਣ ਦੀ ਇਕ ਵੱਡੀ ਕਵਾਇਦ ਹੋਵੇਗੀ। ਉਨ੍ਹਾਂ ਯਕੀਨ ਦਵਾਇਆ ਕਿ ਲੋਕਾਂ ਵਲੋਂ ਦਿੱਤੇ ਜਾਣ ਵਾਲੇ ਹਰੇਕ ਪੈਸੇ ਦੀ ਵਰਤੋਂ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕੀਤੀ ਜਾਵੇਗੀ। ਮਦਦ ਕਰਨ ਵਾਲੇ ਲੋਕ http://rangla.punjab.gov.in ਰਾਹੀਂ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਹੜ੍ਹਾਂ ਨਾਲ ਤਬਾਹੀ ਦਾ ਵੱਡਾ ਪੱਧਰ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਹਾਲੀਆ ਹੜ੍ਹਾਂ ਦੌਰਾਨ ਪੰਜਾਬ ਨੇ ਇਤਿਹਾਸ ਦਾ ਸਭ ਤੋਂ ਭਿਆਨਕ ਦੌਰ ਦੇਖਿਆ ਹੈ।
- 2300 ਪਿੰਡ ਪੂਰੀ ਤਰ੍ਹਾਂ ਪਾਣੀ ਹੇਠ ਆ ਗਏ।
- ਲਗਭਗ 7 ਲੱਖ ਲੋਕ ਬੇਘਰ ਹੋਏ, ਜਦਕਿ ਕਰੀਬ 20 ਲੱਖ ਲੋਕ ਪ੍ਰਭਾਵਿਤ ਹੋਏ।
- 3200 ਸਕੂਲਾਂ ਨੂੰ ਭਾਰੀ ਨੁਕਸਾਨ ਹੋਇਆ ਤੇ ਕਈ ਖੰਡਰਾਂ ਵਿੱਚ ਤਬਦੀਲ ਹੋ ਗਏ।
- ਹੜ੍ਹਾਂ ਨੇ 56 ਲੋਕਾਂ ਦੀ ਜਾਨ ਲੈ ਲਈ।
- ਕਰੀਬ 8500 ਕਿਮੀ ਸੜਕਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ।
- 2500 ਪੁਲ ਟੁੱਟ ਗਏ ਅਤੇ 1400 ਕਲੀਨਿਕਾਂ ਤੇ ਸਰਕਾਰੀ ਇਮਾਰਤਾਂ ਤਬਾਹ ਹੋ ਗਈਆਂ।
ਪਹਿਲੇ ਅਨੁਮਾਨਾਂ ਮੁਤਾਬਕ, ਪੰਜਾਬ ਨੂੰ ਲਗਭਗ 13 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੀਐਮ ਮਾਨ ਨੇ ਕਿਹਾ ਕਿ ਜਦੋਂ ਪਾਣੀ ਪੂਰੀ ਤਰ੍ਹਾਂ ਹਟੇਗਾ ਅਤੇ ਮੈਦਾਨੀ ਸਰਵੇ ਹੋਵੇਗਾ, ਨੁਕਸਾਨ ਦਾ ਅੰਕੜਾ ਇਸ ਤੋਂ ਵੀ ਵੱਧ ਹੋ ਸਕਦਾ ਹੈ।
ਪੰਜਾਬੀ ਲੋਕਾਂ ਦੀ ਇਕਜੁੱਟਤਾ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਸੰਕਟ ਦੇ ਸਮੇਂ ਇਕਜੁੱਟ ਹੋ ਕੇ ਖੜ੍ਹਦਾ ਹੈ। ਇਸ ਹੜ੍ਹ ਦੌਰਾਨ ਨੌਜਵਾਨਾਂ ਨੇ ਆਪਣੀਆਂ ਜਾਨਾਂ ਖ਼ਤਰੇ ’ਚ ਪਾ ਕੇ ਲੋਕਾਂ ਨੂੰ ਬਚਾਇਆ। ਗੁਰਦੁਆਰੇ, ਮੰਦਰ ਅਤੇ ਹੋਰ ਧਾਰਮਿਕ ਸਥਾਨ ਲੋਕਾਂ ਲਈ ਖੋਲ੍ਹ ਦਿੱਤੇ ਗਏ। ਪੰਜਾਬੀ ਇਕ ਪਰਿਵਾਰ ਵਾਂਗ ਇਕੱਠੇ ਹੋ ਕੇ ਹੜ੍ਹ ਪੀੜਤਾਂ ਨਾਲ ਖੜ੍ਹੇ ਰਹੇ।
ਅਗਲਾ ਕਦਮ – ਪੁਨਰਵਾਸ
ਸੀਐਮ ਮਾਨ ਨੇ ਅਪੀਲ ਕੀਤੀ ਕਿ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵੱਧਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ:
- ਕਿਸਾਨਾਂ ਨੂੰ ਫਿਰ ਖੇਤੀ ਲਈ ਤਿਆਰ ਕਰਨਾ ਹੈ।
- ਬੱਚਿਆਂ ਨੂੰ ਮੁੜ ਸਕੂਲ ਭੇਜਣਾ ਹੈ।
- ਪਰਿਵਾਰਾਂ ਦੇ ਚੁੱਲ੍ਹੇ ਮੁੜ ਜਲਾਉਣੇ ਹਨ।
ਇਸ ਲਈ ਪੀੜਤਾਂ ਨੂੰ ਦੁਬਾਰਾ ਖੜ੍ਹਾ ਕਰਨਾ ਸਿਰਫ ਸਰਕਾਰ ਹੀ ਨਹੀਂ, ਸਗੋਂ ਪੂਰੇ ਪੰਜਾਬ ਦੀ ਸਾਂਝੀ ਜ਼ਿੰਮੇਵਾਰੀ ਹੈ।