ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਐਤਵਾਰ ਰਾਤ ਤੋਂ ਹੀ ਬੱਦਲਾਂ ਦੀ ਗੜਬੜੀ ਨਾਲ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਣੀ ਸ਼ੁਰੂ ਹੋ ਗਈ, ਜਿਸ ਨਾਲ ਸੂਬੇ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ। ਖਾਸਕਰ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਵੇਰੇ ਤੋਂ ਮੀਂਹ ਹੋਣ ਕਾਰਨ ਹਵਾ ਵਿੱਚ ਠੰਡਕ ਵਧ ਗਈ ਹੈ।
ਪੱਛਮੀ ਗੜਬੜੀ ਸਰਗਰਮ
ਮੌਸਮ ਵਿਗਿਆਨੀਆਂ ਮੁਤਾਬਕ, ਇਸ ਵੇਲੇ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ (Western Disturbance) ਸਰਗਰਮ ਹੈ, ਜਿਸ ਕਰਕੇ ਅਗਲੇ 24 ਤੋਂ 48 ਘੰਟਿਆਂ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੇ ਆਸਾਰ ਹਨ। ਐਤਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 20 ਡਿਗਰੀ ਦਰਜ ਹੋਇਆ। ਇਸ ਦੌਰਾਨ, ਰਾਜ ਵਿੱਚ 4.4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।
ਆਰੈਂਜ ਅਲਰਟ ਜਾਰੀ
ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੂੰ ਦੇਖਦੇ ਹੋਏ, ਭਾਰਤੀ ਮੌਸਮ ਵਿਭਾਗ (IMD) ਵੱਲੋਂ ਪੰਜਾਬ ਲਈ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ 7 ਅਕਤੂਬਰ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਹਵਾਵਾਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ। ਇਸ ਦੌਰਾਨ ਆਮ ਜਨਤਾ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਇਹ 13 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ
ਮੌਸਮ ਵਿਭਾਗ ਵੱਲੋਂ ਖ਼ਾਸ ਤੌਰ ‘ਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਹੋਰ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
ਕਿਸਾਨਾਂ ਦੀ ਚਿੰਤਾ ਵਧੀ
ਮੀਂਹ ਦੇ ਇਸ ਨਵੇਂ ਦੌਰ ਨਾਲ ਸੂਬੇ ਦੇ ਕਿਸਾਨਾਂ ਵਿੱਚ ਚਿੰਤਾ ਵਧ ਗਈ ਹੈ। ਖ਼ਾਸਕਰ ਉਹ ਕਿਸਾਨ ਜਿਨ੍ਹਾਂ ਨੇ ਆਪਣੀ ਝੋਨੇ ਦੀ ਫਸਲ ਕੱਟ ਕੇ ਮੰਡੀਆਂ ਵਿੱਚ ਪਹੁੰਚਾਈ ਹੈ, ਉਹ ਸਭ ਤੋਂ ਵੱਧ ਚਿੰਤਤ ਹਨ। ਮੰਡੀਆਂ ਵਿੱਚ ਪਿਆ ਝੋਨਾ ਮੀਂਹ ਨਾਲ ਭਿੱਜਣ ਕਾਰਨ ਖਰਾਬ ਹੋਣ ਦਾ ਖਤਰਾ ਹੈ, ਜਿਸਨੂੰ ਮੁੜ ਸੁਕਾਉਣ ਲਈ ਵੱਡੀ ਮਿਹਨਤ ਅਤੇ ਖਰਚ ਦੀ ਲੋੜ ਹੋਵੇਗੀ। ਦੂਜੇ ਪਾਸੇ, ਖੇਤਾਂ ਵਿੱਚ ਖੜੀ ਫਸਲ ‘ਤੇ ਵੀ ਮੀਂਹ ਦੇ ਨਕਾਰਾਤਮਕ ਪ੍ਰਭਾਵ ਪੈਣ ਦੀ ਸੰਭਾਵਨਾ ਹੈ।