ਬੀਜਿੰਗ/ਨਵੀਂ ਦਿੱਲੀ (ਪੀਟੀਆਈ):
ਭਾਰਤ ਨੇ ਸੁਰੱਖਿਆ ਤੇ ਰੱਖਿਆ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕਰ ਲਈ ਹੈ। ਦੇਸ਼ ਨੇ ਹਾਈ ਪਾਵਰ ਲੇਜ਼ਰ ਅਧਾਰਿਤ ਡਾਇਰੈਕਟਿਡ ਐਨਰਜੀ ਵੈਪਨ (DEW) ਪ੍ਰਣਾਲੀ ਦੀ ਸਫਲ ਪ੍ਰੀਖਿਆ ਕਰਕੇ ਇਹ ਦਰਸਾਇਆ ਹੈ ਕਿ ਹੁਣ ਉਹ ਉਹਨਾਂ ਕੁਝ ਗਿਣਤੀ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ ਇਹ ਅਦਭੁੱਤ ਤਾਕਤ ਮੌਜੂਦ ਹੈ। ਇਸ ਸਫਲਤਾ ਨੂੰ ਚੀਨ ਦੇ ਫੌਜੀ ਮਾਹਰਾਂ ਵੱਲੋਂ ਵੀ ਮੰਨਤਾ ਮਿਲੀ ਹੈ ਅਤੇ ਭਾਰਤ ਦੀ ਤਕਨੀਕੀ ਤਰੱਕੀ ਨੂੰ “ਜ਼ਿਕਰਯੋਗ” ਕਰਾਰ ਦਿੱਤਾ ਗਿਆ ਹੈ।
ਕੀ ਹੈ IADWS ਪ੍ਰਣਾਲੀ?
ਭਾਰਤ ਨੇ ਜਿਸ ਪ੍ਰਣਾਲੀ ਦੀ ਸਫਲਤਾ ਹਾਸਲ ਕੀਤੀ ਹੈ, ਉਸ ਨੂੰ ਇੰਟੀਗ੍ਰੇਟਿਡ ਏਅਰ ਡਿਫੈਂਸ ਵੈਪਨ ਸਿਸਟਮ (IADWS) ਕਿਹਾ ਜਾਂਦਾ ਹੈ। ਇਹ ਇੱਕ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਹਥਿਆਰ ਅਤੇ ਤਕਨੀਕਾਂ ਜੋੜੀਆਂ ਗਈਆਂ ਹਨ। ਇਸ ਵਿੱਚ ਸ਼ਾਮਲ ਹਨ:
- ਸਤ੍ਹਾ-ਹਵਾ ਮਿਜ਼ਾਈਲਾਂ (QRSAM) – ਛੋਟੀ ਅਤੇ ਮੱਧਮ ਦੂਰੀ ਦੇ ਟੀਚਿਆਂ ਨੂੰ ਵਿੰਨ੍ਹਣ ਲਈ।
- ਵੀਐੱਸਐਚਓਆਰਏਡੀਐੱਸ ਮਿਜ਼ਾਈਲਾਂ (VSHORADS) – ਹੇਠਲੀ ਉਡਾਣ ਵਾਲੇ ਜਹਾਜ਼ਾਂ ਅਤੇ ਡ੍ਰੋਨ ਨੂੰ ਨਿਸ਼ਾਨਾ ਬਣਾਉਣ ਲਈ।
- ਹਾਈ ਪਾਵਰ ਲੇਜ਼ਰ ਆਧਾਰਿਤ ਡਾਇਰੈਕਟਿਡ ਐਨਰਜੀ ਵੈਪਨ (DEW) – ਜੋ ਰੋਸ਼ਨੀ ਦੀ ਗਤੀ ਨਾਲ ਦੁਸ਼ਮਣ ਦੇ ਟੀਚੇ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ।
ਚੀਨੀ ਮਾਹਿਰਾਂ ਦੀ ਰਾਏ
ਬੀਜਿੰਗ ਆਧਾਰਿਤ ਏਅਰੋਸਪੇਸ ਨਾਲੇਜ ਮੈਗਜ਼ੀਨ ਦੇ ਮੁੱਖ ਸੰਪਾਦਕ ਅਤੇ ਫੌਜੀ ਵਿਸ਼ਲੇਸ਼ਕ ਵਾਂ ਯਾਨਾਨ ਨੇ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਦੀ IADWS ਪ੍ਰਣਾਲੀ ਖਾਸ ਤੌਰ ’ਤੇ ਛੋਟੀ ਅਤੇ ਮੱਧਮ ਦੂਰੀ ਵਾਲੇ ਟੀਚਿਆਂ ਨੂੰ ਨਸ਼ਟ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ। ਇਸ ਦੇ ਜ਼ਰੀਏ ਦੁਸ਼ਮਣ ਦੇ ਡ੍ਰੋਨ, ਕਰੂਜ਼ ਮਿਜ਼ਾਈਲਾਂ, ਹੈਲੀਕਾਪਟਰ ਅਤੇ ਨੀਵੀਂ ਉਡਾਣ ਵਾਲੇ ਲੜਾਕੂ ਜਹਾਜ਼ਾਂ ਨੂੰ ਬਹੁਤ ਘੱਟ ਸਮੇਂ ਵਿੱਚ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਵਾਂਗ ਨੇ ਦੱਸਿਆ ਕਿ ਇਸ ਪ੍ਰਣਾਲੀ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਸੁਚੱਜਾ ਤੇ ਤੇਜ਼ ਸੂਚਨਾ ਪ੍ਰਣਾਲੀ ਨੈੱਟਵਰਕ ਹੈ, ਜੋ ਟੀਚੇ ਨਾਲ ਜੁੜੇ ਡਾਟਾ ਨੂੰ ਹਥਿਆਰ ਪ੍ਰਣਾਲੀ ਦੇ ਹਰ ਹਿੱਸੇ ਤੱਕ ਬਿਜਲੀ ਦੀ ਗਤੀ ਨਾਲ ਪਹੁੰਚਾਉਂਦਾ ਹੈ।
ਕਿਹੜੇ ਦੇਸ਼ਾਂ ਕੋਲ ਹੈ ਇਹ ਸਮਰੱਥਾ?
ਦੁਨੀਆ ਵਿੱਚ ਇਸ ਸਮੇਂ ਸਿਰਫ਼ ਅਮਰੀਕਾ, ਰੂਸ, ਚੀਨ, ਯੂਨਾਈਟਡ ਕਿੰਗਡਮ, ਜਰਮਨੀ, ਇਜ਼ਰਾਈਲ ਅਤੇ ਹੁਣ ਭਾਰਤ ਕੋਲ ਹੀ ਇਹ ਹਾਈ ਪਾਵਰ ਲੇਜ਼ਰ ਆਧਾਰਿਤ ਡਾਇਰੈਕਟਿਡ ਐਨਰਜੀ ਵੈਪਨ ਪ੍ਰਣਾਲੀ ਮੌਜੂਦ ਹੈ। ਚੀਨ ਨੇ ਆਪਣੀ ਐੱਲਡਬਲਯੂ-30 ਵਾਹਨ ਆਧਾਰਿਤ ਲੇਜ਼ਰ ਰੱਖਿਆ ਪ੍ਰਣਾਲੀ (ਜਿਸ ਨੂੰ “ਡ੍ਰੋਨ ਕਿੱਲਰ” ਵੀ ਕਿਹਾ ਜਾਂਦਾ ਹੈ) ਕਈ ਵਾਰ ਪ੍ਰਦਰਸ਼ਿਤ ਕੀਤੀ ਹੈ। ਇਹ ਪ੍ਰਣਾਲੀ ਰੋਸ਼ਨੀ ਦੀ ਗਤੀ ਨਾਲ ਹਮਲਾ ਕਰਦੀ ਹੈ, ਲਗਾਤਾਰ ਵਰਤੀ ਜਾ ਸਕਦੀ ਹੈ ਅਤੇ ਘੱਟ ਖਰਚੇ ਨਾਲ ਵੱਧ ਸਟੀਕਤਾ ਮੁਹੱਈਆ ਕਰਦੀ ਹੈ।
ਭਾਰਤ ਲਈ ਮਹੱਤਵ
ਭਾਰਤ ਲਈ ਇਹ ਉਪਲਬਧੀ ਨਾ ਸਿਰਫ਼ ਰੱਖਿਆ ਖੇਤਰ ਵਿੱਚ ਇੱਕ ਵੱਡਾ ਕਦਮ ਹੈ, ਸਗੋਂ ਇਸ ਨਾਲ ਉਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਹੋਰ ਮਜ਼ਬੂਤ ਹੋਵੇਗੀ। ਚੀਨ ਵਰਗੇ ਮੁਕਾਬਲੀ ਦੇਸ਼ ਵੱਲੋਂ ਵੀ ਜੇ ਇਹ ਸਮਰੱਥਾ ਮੰਨੀ ਜਾ ਰਹੀ ਹੈ ਤਾਂ ਇਹ ਭਾਰਤ ਦੀ ਤਕਨੀਕੀ ਤਾਕਤ ਨੂੰ ਸਪਸ਼ਟ ਤੌਰ ’ਤੇ ਦਰਸਾਉਂਦਾ ਹੈ।