Site icon Punjab Mirror

Canada-India Controversy: ਕੈਨੇਡਾ ਤੇ ਭਾਰਤ ‘ਚ ਖੜਕਣ ਮਗਰੋਂ ‘ਫਾਈਵ ਆਈਜ਼’ ਦਾ ਸਟੈਂਡ! ਜਾਣੋ ਕੈਨੇਡਾ ਤੇ ਨਿਊਜ਼ੀਲੈਂਡ ਕੀ ਬੋਲੇ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ,

Canada-India Controversy: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ ਦੋਸ਼ ਲਾਉਣ ਮਗਰੋਂ ਦੁਨੀਆ ਭਰ ਦੇ ਦੇਸ਼ਾਂ ਨੇ ਫਿਕਰ ਜ਼ਾਹਿਰ ਕੀਤਾ ਹੈ।

Canada-India Controversy: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ ਦੋਸ਼ ਲਾਉਣ ਮਗਰੋਂ ਦੁਨੀਆ ਭਰ ਦੇ ਦੇਸ਼ਾਂ ਨੇ ਫਿਕਰ ਜ਼ਾਹਿਰ ਕੀਤਾ ਹੈ। ਆਸਟਰੇਲੀਆ ਨੇ ਕੈਨੇਡਾ ਦੇ ਦੋਸ਼ਾਂ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਹੈ ਕਿ ਉਹ ਇਸ ਨਾਲ ਸਬੰਧਤ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤੇ ਉਸ ਨੇ ਇਹ ਮੁੱਦਾ ਭਾਰਤ ਕੋਲ ਉਠਾਇਆ ਹੈ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿੱਚ ਇਹ ਗੱਲ ਕਹੀ।

ਉਧਰ, ਇਨ੍ਹਾਂ ਦੋਸ਼ਾਂ ’ਤੇ ਕੈਨੇਡਾ ਦੇ ਕਰੀਬੀ ਭਾਈਵਾਲ ‘ਫਾਈਵ ਆਈਜ਼’ ਨੇ ਇਸ ਉਪਰ ਫਿਕਰ ਜਾਹਿਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦਾਅਵਿਆਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਹੋਣੀ ਚਾਹੀਦੀ ਹੈ। ਕੈਨੇਡਾ ‘ਫਾਈਵ ਆਈਜ਼’ ਨੈੱਟਵਰਕ ਦਾ ਹਿੱਸਾ ਹੈ ਜਿਸ ’ਚ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਸ਼ਾਮਲ ਹਨ। ਉਂਝ ‘ਫਾਈਵ ਆਈਜ਼’ ਵੱਲੋਂ ਕੋਈ ਸਖਤ ਸਟੈਂਡ ਨਾ ਲੈਣ ਕਰਕੇ ਟਰੂਡ ਦੇ ਰੁਖ਼ ’ਚ ਵੀ ਨਰਮੀ ਦਿਖਾਈ ਦਿੱਤੀ ਹੈ। 

ਟਰੂਡੋ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਸਬੰਧਾਂ ’ਚ ਹੋਰ ਵਿਗਾੜ ਨਹੀਂ ਚਾਹੁੰਦੇ ਹਨ। ‘ਅਸੀਂ ਇਸ ਮਾਮਲੇ ਨੂੰ ਭੜਕਾਉਣਾ ਜਾਂ ਵਧਾਉਣਾ ਨਹੀਂ ਚਾਹੁੰਦੇ ਹਾਂ। ਅਸੀਂ ਤਾਂ ਸਿਰਫ਼ ਤੱਥ ਰੱਖ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਨਾਲ ਹਰ ਗੱਲ ਸਪੱਸ਼ਟ ਹੋਵੇ।’ ਉਧਰ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਨੇ ਬਿਆਨ ਜਾਰੀ ਕਰਕੇ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਸੱਦਾ ਦਿੱਤਾ ਹੈ। 

ਦੋਸ਼ਾਂ ਨੂੰ ‘ਬਹੁਤ ਗੰਭੀਰ’ ਕਰਾਰ ਦਿੰਦਿਆਂ ਅਮਰੀਕਾ ਦੇ ਰਣਨੀਤਕ ਸੰਚਾਰ ਮਾਮਲਿਆਂ ਦੇ ਕੌਮੀ ਸੁਰੱਖਿਆ ਪਰਿਸ਼ਦ ਦੇ ਤਾਲਮੇਲ ਅਧਿਕਾਰੀ ਜੌਹਨ ਕਿਰਬੀ ਨੇ ਕਿਹਾ ਕਿ ਵਾਸ਼ਿੰਗਟਨ ਚਾਹੁੰਦਾ ਹੈ ਕਿ ਭਾਰਤ ਇਸ ਮਾਮਲੇ ਦੀ ਜਾਂਚ ’ਚ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਜੋਅ ਬਾਇਡਨ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਗੰਭੀਰ ਹਨ ਤੇ ਮੁਲਕ ਕੈਨੇਡਾ ਵੱਲੋਂ ਕੀਤੀ ਜਾ ਰਹੀ ਜਾਂਚ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦਾ ਹੈ। 

ਕਿਰਬੀ ਨੇ ‘ਸੀਐਨਐਨ’ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਅਸਲ ’ਚ ਕੀ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਭਾਰਤ ਨੂੰ ਵੀ ਬੇਨਤੀ ਕਰਦੇ ਹਨ ਕਿ ਉਹ ਇਸ ਮਾਮਲੇ ’ਚ ਸਹਿਯੋਗ ਕਰੇ। ਕਿਰਬੀ ਨੇ ਕਿਹਾ ਕਿ ਅਮਰੀਕਾ ਜਾਂਚ ’ਚ ਭਾਰਤ ਦਾ ਸਹਿਯੋਗ ਵੀ ਚਾਹੁੰਦਾ ਹੈ ਕਿਉਂਕਿ ਇਹ ਅਜਿਹਾ ਹਮਲਾ ਹੈ ਜਿਸ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਕੈਨੇਡੀਅਨ ਲੋਕ ਵੀ ਇਸ ਦਾ ਜਵਾਬ ਚਾਹੁੰਦੇ ਹੋਣਗੇ। 

ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਚਿੰਤਾਜਨਕ ਰਿਪੋਰਟਾਂ ਹਨ ਤੇ ਉਹ ਹੋਰ ਭਾਈਵਾਲਾਂ ਨਾਲ ਇਸ ਘਟਨਾਕ੍ਰਮ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਉਧਰ ਇੱਕ ਹੋਰ ਭਾਈਵਾਲ ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਨੇ ਬਗੈਰ ਕਿਸੇ ਦਾ ਨਾਮ ਲਏ ‘ਐਕਸ’ ’ਤੇ ਕਿਹਾ ਕਿ ਸਾਰੇ ਮੁਲਕਾਂ ਨੂੰ ਇਕ-ਦੂਜੇ ਦੀ ਪ੍ਰਭੂਸੱਤਾ ਦਾ ਆਦਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਸਰਕਾਰ ਦੇ ਸੰਪਰਕ ’ਚ ਹਨ ਤੇ ਚਾਹੁੰਦੇ ਹਨ ਕਿ ਸਾਜ਼ਿਸ਼ਘਾੜਿਆਂ ਨੂੰ ਸਜ਼ਾ ਦਿੱਤੀ ਜਾਵੇ।

Exit mobile version