ਅੱਜ ਸਵੇਰੇ ਬੰਬੇ ਸਟਾਕ ਐਕਸਚੇਂਜ (BSE) ਨੂੰ ਇੱਕ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਈਮੇਲ ਵਿੱਚ ਦੱਸਿਆ ਗਿਆ ਕਿ BSE ਦੀ ਇਮਾਰਤ ਵਿੱਚ ਚਾਰ RDX ਬੰਬ ਲਗਾਏ ਗਏ ਹਨ, ਜੋ ਦੁਪਹਿਰ ਤਿੰਨ ਵਜੇ ਧਮਾਕੇ ਨਾਲ ਫਟਣਗੇ। ਇਹ ਈਮੇਲ “ਕਾਮਰੇਡ ਪਿਨਾਰਾਈ ਵਿਜਯਨ” ਨਾਮ ਦੇ ਅਣਜਾਣ ਅਕਾਊਂਟ ਤੋਂ ਭੇਜਿਆ ਗਿਆਧਮਕੀ ਮਿਲਣ ਦੇ ਤੁਰੰਤ ਬਾਅਦ, ਮੁੰਬਈ ਪੁਲਿਸ ਅਤੇ ਬੰਬ ਨਿਪਟਾਰਾ ਟੀਮ ਨੇ ਇਮਾਰਤ ਦੀ ਪੂਰੀ ਜਾਂਚ ਕੀਤੀ, ਪਰ ਉਥੇ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ।
ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ IPC ਦੀਆਂ ਕਈ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਚਲ ਰਹੀ ਹੈ। ਪੁਲਿਸ ਅਤੇ ਸਾਈਬਰ ਟੀਮ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਇਹ ਈਮੇਲ ਕਿੱਥੋਂ ਭੇਜੀ ਗਈ ਸੀ ਅਤੇ ਭੇਜਣ ਵਾਲਾ ਕੌਣ ਸੀ। ਸਾਵਧਾਨੀ ਵਜੋਂ BSE ਅਤੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਦਿੱਲੀ ਦੇ ਸਕੂਲਾਂ ਨੂੰ ਵੀ ਮਿਲੀਆਂ ਬੰਬ ਧਮਕੀਆਂ
ਇਸੇ ਦੌਰਾਨ, ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਸੇਂਟ ਥੋਮਸ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਨੂੰ ਵੀ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ।ਧਮਕੀ ਮਿਲਣ ਦੇ ਤੁਰੰਤ ਬਾਅਦ ਦਿੱਲੀ ਪੁਲਿਸ, ਬੰਬ ਸਕੁਐਡ, ਡੌਗ ਸਕੁਐਡ, ਫਾਇਰ ਬ੍ਰਿਗੇਡ ਅਤੇ ਹੋਰ ਸੁਰੱਖਿਆ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਦੋਵਾਂ ਸਕੂਲਾਂ ਨੂੰ ਖਾਲੀ ਕਰਵਾ ਕੇ ਪੂਰੀ ਤਲਾਸ਼ੀ ਲਈ ਗਈ, ਪਰ ਹੁਣ ਤੱਕ ਉਥੇ ਵੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।