ਸੰਗਰੂਰ: ਜੇ ਤੁਹਾਡਾ ਕੋਈ ਮਰੀਜ਼ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਸਨੂੰ ਖੂਨ ਦੀ ਲੋੜ ਪੈ ਜਾਂਦੀ ਹੈ, ਤਾਂ ਤੁਹਾਨੂੰ ਹੁਣ ਪਹਿਲਾਂ ਨਾਲੋਂ ਕਾਫ਼ੀ ਵਧੀ ਹੋਈ ਰਕਮ ਅਦਾ ਕਰਨੀ ਪਵੇਗੀ। ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਸਰਕਾਰੀ ਬਲੱਡ ਬੈਂਕ ਵੱਲੋਂ ਨਿੱਜੀ ਹਸਪਤਾਲਾਂ ਨੂੰ ਦਿੱਤੇ ਜਾਣ ਵਾਲੇ ਖੂਨ ਦੇ ਰੇਟ ਵਧਾ ਦਿੱਤੇ ਗਏ ਹਨ।ਹੁਣ ਤੱਕ PRBC (Packed Red Blood Cells) ਯੂਨਿਟ ਦੀ ਕੀਮਤ 300 ਰੁਪਏ ਸੀ, ਪਰ ਹੁਣ ਇਹੀ ਯੂਨਿਟ 1300 ਰੁਪਏ ਵਿੱਚ ਮਿਲੇਗਾ। ਇਸਦਾ ਮਤਲਬ ਹੈ ਕਿ ਇਕ ਯੂਨਿਟ ਪਿੱਛੇ ਸਿੱਧਾ 1000 ਰੁਪਏ ਵਾਧੂ ਦੇਣੇ ਪੈਣਗੇ।
ਇਹਨਾਂ ਬਦਲਾਵਾਂ ਦੀ ਪੁਸ਼ਟੀ ਸਹਾਇਕ ਸਿਵਲ ਸਰਜਨ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੰਜੇ ਮਾਥੁਰ ਨੇ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਦੇ ਅਧੀਨ ਹੀ ਨਵੇਂ ਰੇਟ ਲਾਗੂ ਹੋਏ ਹਨ।ਜਦ ਕਿ ਸਰਕਾਰੀ ਹਸਪਤਾਲਾਂ ਜਿਵੇਂ ਸੰਗਰੂਰ ਦੇ ਸਿਵਲ ਹਸਪਤਾਲ ਜਾਂ ਹੋਮੀ ਭਾਵਾ ਕੈਂਸਰ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਖੂਨ ਮੁਫ਼ਤ ਮਿਲੇਗਾ।
ਇਸ ਫ਼ੈਸਲੇ ਨੂੰ ਲੈ ਕੇ ਲੋਕਾਂ ਵਿੱਚ ਨਾਰਾਜ਼ਗੀ ਹੈ ਕਿਉਂਕਿ ਖੂਨਦਾਨ ਕੈਂਪਾਂ ਰਾਹੀਂ ਲੋਕ ਮੁਫ਼ਤ ਵਿੱਚ ਖੂਨ ਦਿੰਦੇ ਹਨ, ਪਰ ਹੁਣ ਇਹੀ ਖੂਨ ਲੋੜਵੰਦ ਮਰੀਜ਼ਾਂ ਨੂੰ ਮਹਿੰਗੇ ਦਰਾਂ ‘ਤੇ ਮਿਲੇਗਾ। ਦੂਜੇ ਪਾਸੇ, ਪੰਜਾਬ ਸਰਕਾਰ ਇੱਕ ਪਾਸੇ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਕਾਰਡ ਦੀ ਗੱਲ ਕਰ ਰਹੀ ਹੈ, ਪਰ ਦੂਜੇ ਪਾਸੇ ਸਰਕਾਰੀ ਸੇਵਾਵਾਂ ਨੂੰ ਹੀ ਨਿੱਜੀ ਮਰੀਜ਼ਾਂ ਲਈ ਮਹਿੰਗਾ ਕੀਤਾ ਜਾ ਰਿਹਾ ਹੈ।