ਜ਼ੀਰਾ — ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ‘ਤੇ ਸਕੂਲ ਵਿੱਚ ਸਵੇਰੇ ਦੀ ਪ੍ਰਾਰਥਨਾ ਸਭਾ ਵਿਸ਼ੇਸ਼ ਰੂਪ ਨਾਲ ਆਯੋਜਿਤ ਕੀਤੀ ਗਈ, ਜਿਸਦੀ ਸ਼ੁਰੂਆਤ ਗੁਰੂ ਜੀ ਦੇ ਪਵਿੱਤਰ ਬਾਣੀ ਦੇ ਸ਼ਬਦ “ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ” ਨਾਲ ਕੀਤੀ ਗਈ। ਸ਼ਬਦ ਗਾਇਨ ਦੀ ਸੇਵਾ ਸਿਮਰਨਪ੍ਰੀਤ ਕੌਰ, ਅਰਸ਼ ਤਿਵਾਰੀ, ਨਵਦੀਪ ਕੌਰ, ਮਨਪ੍ਰੀਤ ਕੌਰ, ਹਰਸਿਮਰਨ ਕੌਰ, ਸੁਖਮਨਪ੍ਰੀਤ ਕੌਰ, ਅਵਨੀਤ ਕੌਰ, ਜਸਲੀਨ ਕੌਰ, ਰੀਆ ਸ਼ਰਮਾ, ਰਮਨਦੀਪ ਕੌਰ ਅਤੇ ਸਿਮਰਤ ਕੌਰ ਨੇ ਮਿਲਕੇ ਨਿਭਾਈ।
ਸਮਾਗਮ ਦੌਰਾਨ ਹੇਮਕੁੰਟ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ. ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ, ਉਨ੍ਹਾਂ ਦੀਆਂ ਉਪਲਬਧੀਆਂ ਤੇ ਆਤਮਕ ਸਿੱਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਜੀ ਦਾ ਜਨਮ ਲਾਹੌਰ ਦੇ ਚੂਨਾ ਮੰਡੀ ਵਿਖੇ ਹਰਿਦਾਸ ਸੋਢੀ ਤੇ ਮਾਤਾ ਦਾਇਆ ਕੌਰ ਦੇ ਘਰ ਹੋਇਆ ਸੀ ਅਤੇ ਬਾਲ ਅਵਸਥਾ ਵਿੱਚ ਆਪ ਜੀ ਨੂੰ “ਜੇਠਾ” ਨਾਮ ਨਾਲ ਬੁਲਾਇਆ ਜਾਂਦਾ ਸੀ। ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੂੰ ਗੁਰਗੱਦੀ ਸੌਂਪ ਕੇ ਚੌਥੇ ਗੁਰੂ ਦਾ ਦਰਜਾ ਦਿੱਤਾ। ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਵਿੱਚ ਮੰਜੀ ਪ੍ਰਥਾ ਦੀ ਸ਼ੁਰੂਆਤ ਕਰਕੇ ਧਾਰਮਿਕ ਪ੍ਰਚਾਰ ਨੂੰ ਨਵੀਂ ਦਿਸ਼ਾ ਦਿੱਤੀ।
ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਕਠੇ ਹੋ ਕੇ ਵਾਹਿਗੁਰੂ ਦੇ ਸਿਮਰਨ ਦਾ ਜਾਪ ਕੀਤਾ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੰਕਲਪ ਲਿਆ। ਪ੍ਰਿੰਸੀਪਲ ਰਮਨਜੀਤ ਕੌਰ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਗੁਰੂ ਜੀ ਦਾ ਜੀਵਨ ਸਾਨੂੰ ਸੇਵਾ, ਨਿਮਰਤਾ ਤੇ ਸੱਚਾਈ ਦੀ ਰਾਹ ’ਤੇ ਚਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਵਿਦਿਆਰਥੀ ਨੂੰ ਆਪਣੀ ਸਿੱਖੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਗੁਰੂ ਸਾਹਿਬਾਂ ਦੇ ਮਾਰਗ ’ਤੇ ਤੁਰਨਾ ਚਾਹੀਦਾ ਹੈ।
ਸਮਾਗਮ ਦੌਰਾਨ ਮਿਊਜ਼ਿਕ ਅਧਿਆਪਕ ਗੁਰਪ੍ਰੀਤ ਸਿੰਘ, ਆਰਤੀ, ਗੁਰਸ਼ਰਨ ਕੌਰ ਸਮੇਤ ਪੂਰਾ ਸਕੂਲੀ ਸਟਾਫ ਮੌਜੂਦ ਰਿਹਾ। ਪ੍ਰੋਗਰਾਮ ਦਾ ਸਮਾਪਨ ਅਰਦਾਸ ਨਾਲ ਹੋਇਆ ਜਿਸ ਵਿੱਚ ਸਾਰੇ ਨੇ ਗੁਰੂ ਜੀ ਤੋਂ ਆਤਮਕ ਸ਼ਕਤੀ ਤੇ ਚੰਗੇ ਕਰਮਾਂ ਦੀ ਦਾਤ ਮੰਗੀ।