ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਡਰੱਗ ਕੇਸ ਵਿੱਚ ਹੁਣ ਇਕ ਹੋਰ ਨਵਾਂ ਤੱਥ ਸਾਹਮਣੇ ਆਇਆ ਹੈ। ਮਜੀਠੀਆ ਕੋਲੋਂ ਇੱਕ ਮੋਬਾਈਲ ਬਰਾਮਦ ਹੋਇਆ ਹੈ, ਜਿਸ ਵਿੱਚ ਵਰਤੀ ਗਈ ਸਿਮ ਖੰਨਾ ਦੇ ਨਿਵਾਸੀ ਜਸਮੀਤ ਸਿੰਘ ਦੇ ਨਾਮ ‘ਤੇ ਰਜਿਸਟਰਡ ਸੀ।ਜਸਮੀਤ ਸਿੰਘ ਨੇ ਇਹ ਸਿਮ ਕਾਰਡ 2021 ਵਿੱਚ ਲਿਆ ਸੀ, ਜਦੋਂ ਉਹ ਖੰਨਾ ਬੱਸ ਅੱਡੇ ‘ਤੇ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਿਹਾ ਸੀ। ਉਹ ਕੁਝ ਸਮਾਂ ਪਹਿਲਾਂ ਫਤਿਹਗੜ੍ਹ ਸਾਹਿਬ ਤੋਂ ਖੰਨਾ ਵਿੱਚ ਕਿਰਾਏ ਦੇ ਘਰ ‘ਚ ਆ ਕੇ ਰਿਹਾਇਸ਼ ਪਜ਼ੀਰ ਹੋਇਆ ਸੀ।ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਸਿਮ ਮਜੀਠੀਆ ਤੱਕ ਕਿਵੇਂ ਪਹੁੰਚੀ। ਮੋਹਾਲੀ ਵਿਜੀਲੈਂਸ ਦੀ ਟੀਮ ਜਸਮੀਤ ਦੇ ਘਰ ਖੰਨਾ ਵਿਖੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਇਨ੍ਹਾਂ ਦੇ ਨਾਲ ਖੰਨਾ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੀ ਜਾਂਚ ’ਚ ਜੁਟ ਗਈ ਹੈ।
ਇਸ ਮਾਮਲੇ ਵਿੱਚ ਇਕ ਹੋਰ ਗੰਭੀਰ ਗੱਲ ਸਾਹਮਣੇ ਆਈ ਹੈ ਕਿ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਜਸਮੀਤ ਸਿੱਧਾ ਕੈਨੇਡਾ ਚਲਾ ਗਿਆ। ਇਸਦੇ ਕੈਨੇਡਾ ਜਾਣ ਨੂੰ ਲੈ ਕੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੋਰੋਨਾ ਸਮੇਂ ਜਸਮੀਤ ਇੱਕ ਟਰਾਂਸਪੋਰਟ ਕੰਪਨੀ ਵਿੱਚ ਡਿਪੋ ਇੰਚਾਰਜ ਸੀ ਅਤੇ ਬੱਸਾਂ ਰਾਹੀਂ ਲੋਕਾਂ ਨੂੰ ਹੋਰ ਰਾਜਾਂ ਵੱਲ ਭੇਜਣ ਦਾ ਕੰਮ ਕਰਦਾ ਸੀ। ਹੁਣ ਜਾਂਚ ਏਜੰਸੀਆਂ ਇਹ ਵੀ ਵੇਖ ਰਹੀਆਂ ਹਨ ਕਿ ਕਿਤੇ ਦਸਤਾਵੇਜ਼ਾਂ ਦੀ ਦੁਰਵਰਤੋਂ ਤਾਂ ਨਹੀਂ ਹੋਈ।ਦੂਜੇ ਪਾਸੇ, ਜਸਮੀਤ ਸਿੰਘ ਦਾ ਪਰਿਵਾਰ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਅਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਿਹਾ ਹੈ।