ਜੰਮੂ-ਕਸ਼ਮੀਰ ਪੁਲਿਸ ਨੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਖੂਨੀ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਲਸ਼ਕਰ-ਏ-ਤੋਇਬਾ (TRF) ਨਾਲ ਸੰਬੰਧਿਤ ਇੱਕ ਮੁੱਖ ਸਹਿਯੋਗੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ 26 ਸਾਲਾ ਅਧਿਆਪਕ ਮੁਹੰਮਦ ਯੂਸਫ਼ ਕਟਾਰੀਆ ਹੈ, ਜੋ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦਾ ਨਿਵਾਸੀ ਹੈ ਅਤੇ ਖਾਨਾਬਦੋਸ਼ ਭਾਈਚਾਰੇ ਨਾਲ ਸਬੰਧਤ ਹੈ। ਯੂਸਫ਼ ਕਟਾਰੀਆ ਨੂੰ ਸ੍ਰੀਨਗਰ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਬ੍ਰਿਨਲ-ਲਾਮਾਡ ਖੇਤਰ ਤੋਂ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਆਪ੍ਰੇਸ਼ਨ ‘ਮਹਾਦੇਵ’ ਤੋਂ ਮਿਲੇ ਪੱਕੇ ਸਬੂਤ
ਪੁਲਿਸ ਅਧਿਕਾਰੀਆਂ ਅਨੁਸਾਰ, ਯੂਸਫ਼ ਕਟਾਰੀਆ ਦੀ ਗ੍ਰਿਫ਼ਤਾਰੀ ਆਪ੍ਰੇਸ਼ਨ ‘ਮਹਾਦੇਵ’ ਤੋਂ ਪ੍ਰਾਪਤ ਹੋਈਆਂ ਜਾਣਕਾਰੀਆਂ ਦੇ ਆਧਾਰ ’ਤੇ ਕੀਤੀ ਗਈ। ਇਸ ਆਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਲਸ਼ਕਰ-ਏ-ਤੋਇਬਾ ਦੇ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਮਾਰੇ ਗਏ ਅੱਤਵਾਦੀਆਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਸੰਚਾਰ ਸਾਮੱਗਰੀ ਦੀ ਜਾਂਚ ਵਿੱਚ ਕਈ ਸੁਰਾਗ ਮਿਲੇ, ਜਿਨ੍ਹਾਂ ਨੇ ਯੂਸਫ਼ ਕਟਾਰੀਆ ਦੀ ਭੂਮਿਕਾ ਨੂੰ ਬੇਨਕਾਬ ਕੀਤਾ।
ਜਾਂਚ ਵਿੱਚ ਖੁਲਾਸਾ ਹੋਇਆ ਕਿ ਕਟਾਰੀਆ ਨੇ ਅੱਤਵਾਦੀਆਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਅਤੇ ਉਨ੍ਹਾਂ ਦੇ ਹਮਲੇ ਦੀ ਯੋਜਨਾ ਬਣਾਉਣ ਵਿੱਚ ਮਦਦ ਕੀਤੀ। ਹਾਲਾਂਕਿ, ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਿੱਧੇ ਤੌਰ ‘ਤੇ ਬੈਸਰਨ ਘਾਟੀ ਹਮਲੇ ਵਿੱਚ ਸ਼ਾਮਲ ਨਹੀਂ ਸੀ। ਕਟਾਰੀਆ ਖਾਨਾਬਦੋਸ਼ ਭਾਈਚਾਰੇ ਨਾਲ ਸੰਬੰਧਿਤ ਹੈ, ਜੋ ਕਿ ਕੁਲਗਾਮ ਦੇ ਪਹਾੜੀ ਖੇਤਰਾਂ ਵਿੱਚ ਰਹਿੰਦਾ ਹੈ। ਇਹ ਖੇਤਰ ਅਕਸਰ ਅੱਤਵਾਦੀਆਂ ਦੁਆਰਾ ਦੱਖਣੀ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਵਿੱਚ ਆਵਾਜਾਈ ਲਈ ਵਰਤੇ ਜਾਂਦੇ ਹਨ।
22 ਅਪ੍ਰੈਲ ਦਾ ਖੂਨੀ ਹਮਲਾ
ਇਹ ਪੂਰਾ ਮਾਮਲਾ 22 ਅਪ੍ਰੈਲ ਨੂੰ ਵਾਪਰਿਆ ਸੀ, ਜਦੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਦਹਿਲਾ ਦੇਣ ਵਾਲਾ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 26 ਲੋਕਾਂ ਦੀ ਨਿਰਦਈ ਹੱਤਿਆ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 25 ਸੈਲਾਨੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਕਸ਼ਮੀਰ ਘੁੰਮਣ ਆਏ ਹੋਏ ਸਨ। ਇਹ ਨਰਸੰਘਾਰ ਨਾ ਸਿਰਫ਼ ਕਸ਼ਮੀਰ ਵਾਦੀ ਨੂੰ ਹਿਲਾ ਗਿਆ, ਬਲਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੂੰ ਵੀ ਕਾਫ਼ੀ ਵਧਾ ਗਿਆ।
ਅੱਗੇ ਦੀ ਕਾਰਵਾਈ
ਪੁਲਿਸ ਇਸ ਗ੍ਰਿਫ਼ਤਾਰੀ ਨੂੰ ਅੱਤਵਾਦੀਆਂ ਦੇ ਨੈੱਟਵਰਕ ਨੂੰ ਤੋੜਣ ਦੀ ਵੱਡੀ ਕੜੀ ਮੰਨ ਰਹੀ ਹੈ। ਜਾਂਚ ਏਜੰਸੀਆਂ ਹੁਣ ਯੂਸਫ਼ ਕਟਾਰੀਆ ਦੇ ਹੋਰ ਸਾਥੀਆਂ, ਫੰਡਿੰਗ ਸ੍ਰੋਤਾਂ ਅਤੇ ਲਸ਼ਕਰ ਨਾਲ ਉਸਦੇ ਸੰਪਰਕਾਂ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਹਨ। ਸੁਰੱਖਿਆ ਬਲਾਂ ਨੂੰ ਉਮੀਦ ਹੈ ਕਿ ਇਸ ਗ੍ਰਿਫ਼ਤਾਰੀ ਤੋਂ ਬਾਅਦ ਦੱਖਣੀ ਕਸ਼ਮੀਰ ਵਿੱਚ ਸਰਗਰਮ ਲਸ਼ਕਰ ਮੋਡੀਊਲਾਂ ਨੂੰ ਖਤਮ ਕਰਨ ਵਿੱਚ ਹੋਰ ਵੀ ਮਹੱਤਵਪੂਰਣ ਸਫਲਤਾਵਾਂ ਮਿਲਣਗੀਆਂ।