ਨਵੀਂ ਦਿੱਲੀ – ਯੂਟਿਊਬਰ ਐਲਵਿਸ਼ ਯਾਦਵ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਸੱਪਾਂ ਦੇ ਜ਼ਹਿਰ ਨਾਲ ਜੁੜੇ ਮਾਮਲੇ ਵਿੱਚ ਚੱਲ ਰਹੀ ਅਦਾਲਤੀ ਕਾਰਵਾਈ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ।ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜਸਟਿਸ ਜੇ. ਬਾਗਚੀ ਦੀ ਬੈਂਚ ਨੇ ਯਾਦਵ ਵੱਲੋਂ ਦਾਇਰ ਕੀਤੀ ਪਟੀਸ਼ਨ ‘ਤੇ ਉੱਤਰ ਪ੍ਰਦੇਸ਼ ਸਰਕਾਰ ਅਤੇ ਮੁੱਖ ਸ਼ਿਕਾਇਤਕਰਤਾ ਗੌਰਵ ਗੁਪਤਾ ਨੂੰ ਨੋਟਿਸ ਭੇਜਿਆ ਹੈ। ਇਹ ਪਟੀਸ਼ਨ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਰਹੀ ਹੈ, ਜਿਸ ਨੇ ਯਾਦਵ ਦੀ ਪਹਿਲੀ ਅਰਜ਼ੀ ਰੱਦ ਕਰ ਦਿੱਤੀ ਸੀ।
ਚਾਰਜਸ਼ੀਟ ਅਨੁਸਾਰ, ਵਿਦੇਸ਼ੀ ਲੋਕਾਂ ਸਮੇਤ ਕਈ ਲੋਕਾਂ ਨੇ “ਰੇਵ ਪਾਰਟੀ” ਦੌਰਾਨ ਸੱਪਾਂ ਦੇ ਜ਼ਹਿਰ ਨੂੰ ਨਸ਼ੇ ਵਜੋਂ ਵਰਤਿਆ ਸੀ। ਯਾਦਵ ਨੂੰ ਨੋਇਡਾ ਪੁਲਿਸ ਨੇ ਮਾਰਚ 2024 ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਨਾ ਤਾਂ ਉਨ੍ਹਾਂ ਕੋਲੋਂ ਕੋਈ ਸੱਪ ਮਿਲਿਆ ਸੀ ਅਤੇ ਨਾ ਹੀ ਕੋਈ ਨਸ਼ੀਲਾ ਪਦਾਰਥ।ਉਨ੍ਹਾਂ ਇਹ ਵੀ ਕਿਹਾ ਕਿ ਜੋ ਵਿਅਕਤੀ ਸ਼ਿਕਾਇਤ ਕਰ ਰਿਹਾ ਹੈ, ਉਹ ਪਸ਼ੂ ਭਲਾਈ ਅਧਿਕਾਰੀ ਨਹੀਂ ਹੈ, ਪਰ ਉਸਨੇ ਝੂਠਾ ਦਾਅਵਾ ਕਰਕੇ FIR ਦਰਜ ਕਰਵਾਈ। ਵਕੀਲ ਨੇ ਇਤਰਾਜ਼ ਕੀਤਾ ਕਿ ਯਾਦਵ ਇੱਕ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਐਂਸਰ ਹੈ, ਜੋ ਕਈ ਟੀਵੀ ਸ਼ੋਅਜ਼ ਵਿੱਚ ਆ ਚੁੱਕਾ ਹੈ, ਇਸ ਲਈ ਇਸ ਮਾਮਲੇ ਨੇ ਬਿਨਾਂ ਸਬੂਤਾਂ ਦੇ ਵੀ ਮੀਡੀਆ ਵਿਚ ਵੱਡਾ ਰੂਪ ਧਾਰ ਲਿਆ।