ਕਾਠਮੰਡੂ – ਨੇਪਾਲ ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਮਾਹੌਲ ਵਿਚਕਾਰ ਇੱਕ ਇਤਿਹਾਸਕ ਫੈਸਲਾ ਲਿਆ ਗਿਆ ਹੈ। ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਐਲਾਨ ਹੋਇਆ ਹੈ। ਉਹ ਅੱਜ ਰਾਤ 8:45 ਵਜੇ ਰਾਸ਼ਟਰਪਤੀ ਭਵਨ ਵਿੱਚ ਅਹੁਦੇ ਦੀ ਸਹੁੰ ਚੁੱਕੇਗੀ। ਕਾਰਕੀ ਦੇ ਅਹੁਦਾ ਸੰਭਾਲਣ ਨਾਲ ਨੇਪਾਲ ਨੂੰ ਆਪਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲੇਗੀ।
ਇਹ ਫੈਸਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ Gen-Z ਸਮੂਹਾਂ ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨ ਹਿੰਸਕ ਰੂਪ ਧਾਰ ਚੁੱਕੇ ਸਨ। ਰਾਸ਼ਟਰਪਤੀ ਰਾਮ ਚੰਦਰ ਪੌਡੇਲ, ਫੌਜ ਮੁਖੀ ਜਨਰਲ ਅਸ਼ੋਕ ਰਾਜ ਸਿਗਡੇਲ ਅਤੇ ਨੌਜਵਾਨਾਂ ਦੇ ਨੁਮਾਇੰਦਿਆਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਕਾਰਕੀ ਦੇ ਨਾਮ ‘ਤੇ ਸਹਿਮਤੀ ਬਣੀ।
ਕਿਉਂ ਵਾਪਰਿਆ ਰਾਜਨੀਤਿਕ ਸੰਕਟ?
ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਰਕਾਰ ਵਿਰੁੱਧ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਸੋਸ਼ਲ ਮੀਡੀਆ ‘ਤੇ ਪਾਬੰਦੀ ਵਰਗੇ ਮਾਮਲਿਆਂ ਨੇ ਨੌਜਵਾਨਾਂ ਨੂੰ ਸੜਕਾਂ ‘ਤੇ ਉਤਾਰ ਦਿੱਤਾ। 8 ਅਤੇ 9 ਸਤੰਬਰ ਨੂੰ ਹਜ਼ਾਰਾਂ ਲੋਕਾਂ ਨੇ ਦੇਸ਼-ਵਿਆਪੀ ਪ੍ਰਦਰਸ਼ਨ ਕੀਤੇ, ਜਿਨ੍ਹਾਂ ਵਿੱਚ ਹਿੰਸਾ ਦੇ ਮਾਮਲੇ ਵੀ ਸਾਹਮਣੇ ਆਏ। ਦਬਾਅ ਵਧਣ ਕਾਰਨ ਓਲੀ ਨੂੰ ਅਸਤੀਫਾ ਦੇਣਾ ਪਿਆ।
Gen-Z ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੀ ਕਿ ਸੰਸਦ ਭੰਗ ਕੀਤੀ ਜਾਵੇ ਅਤੇ ਅਗਲੀ ਚੋਣਾਂ ਤੱਕ ਦੇਸ਼ ਦੀ ਬਾਗਡੋਰ ਇੱਕ ਅੰਤਰਿਮ ਸਰਕਾਰ ਦੇ ਹੱਥਾਂ ਵਿੱਚ ਸੌਂਪੀ ਜਾਵੇ।
ਸੁਸ਼ੀਲਾ ਕਾਰਕੀ : ਸਿੱਖਿਆ ਤੇ ਕੈਰੀਅਰ
- 1975 – ਤ੍ਰਿਭੁਵਨ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਬੈਚਲਰ
- 1978 – ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ
- 1979 – ਬਿਰਾਟਨਗਰ ਵਿੱਚ ਵਕੀਲ ਵਜੋਂ ਕੈਰੀਅਰ ਦੀ ਸ਼ੁਰੂਆਤ
- 2009 – ਨੇਪਾਲ ਸੁਪਰੀਮ ਕੋਰਟ ਦੀ ਜੱਜ ਨਿਯੁਕਤ
- 2016 – ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਬਣੀ
ਉਸਦੀ ਪਛਾਣ ਭ੍ਰਿਸ਼ਟਾਚਾਰ ਵਿਰੋਧੀ ਮਜ਼ਬੂਤ ਰੁਖ਼ ਲਈ ਹੋਈ। ਖ਼ਾਸ ਕਰਕੇ ਮੰਤਰੀ ਜੈ ਪ੍ਰਕਾਸ਼ ਗੁਪਤਾ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਕਰਾਰ ਦੇਣਾ ਉਸਦੀ ਨਿਰਭੀਕ ਸੋਚ ਨੂੰ ਦਰਸਾਉਂਦਾ ਹੈ।
ਵਿਵਾਦਾਂ ਦਾ ਵੀ ਕੀਤਾ ਸਾਹਮਣਾ
2017 ਵਿੱਚ ਕਾਰਕੀ ਵਿਰੁੱਧ ਸੱਤਾਧਾਰੀ ਗੱਠਜੋੜ ਨੇ ਮਹਾਂਦੋਸ਼ ਪ੍ਰਸਤਾਵ ਲਿਆਂਦਾ। ਦੋਸ਼ ਲਗਾਇਆ ਗਿਆ ਕਿ ਉਸਨੇ ਪੁਲਿਸ ਮੁਖੀ ਦੀ ਨਿਯੁਕਤੀ ਸਮੇਤ ਕੁਝ ਮਾਮਲਿਆਂ ਵਿੱਚ ਅਪਣੇ ਅਧਿਕਾਰ ਤੋਂ ਵੱਧ ਕਦਮ ਚੁੱਕੇ। ਹਾਲਾਂਕਿ ਇਹ ਦਬਾਅ ਵੀ ਉਸਦੀ ਛਵੀ ਨੂੰ ਹਿਲਾ ਨਾ ਸਕਿਆ ਅਤੇ ਉਹ ਇੱਕ ਸੁਤੰਤਰ ਅਤੇ ਸੁਧਾਰਵਾਦੀ ਜੱਜ ਵਜੋਂ ਮੰਨੀ ਗਈ।
ਅਗਲਾ ਪੜਾਅ
ਹੁਣ ਸਭ ਦੀਆਂ ਨਜ਼ਰਾਂ ਉਸ ਸਮੇਂ ‘ਤੇ ਟਿਕੀਆਂ ਹਨ ਜਦੋਂ ਕਾਰਕੀ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੇਗੀ। ਉਸਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੇਸ਼ ਵਿੱਚ ਰਾਜਨੀਤਿਕ ਸਥਿਰਤਾ ਲਿਆਂਦੀ, ਨੌਜਵਾਨਾਂ ਦਾ ਭਰੋਸਾ ਜਿੱਤਣਾ ਅਤੇ ਆਉਣ ਵਾਲੀਆਂ ਰਾਸ਼ਟਰੀ ਚੋਣਾਂ ਲਈ ਮਾਹੌਲ ਤਿਆਰ ਕਰਨਾ ਹੋਵੇਗੀ।
👉 ਨੇਪਾਲ ਦੀ ਰਾਜਨੀਤੀ ਵਿੱਚ ਇਹ ਪਲ ਇਤਿਹਾਸਕ ਮੰਨਿਆ ਜਾ ਰਿਹਾ ਹੈ ਕਿਉਂਕਿ ਪਹਿਲੀ ਵਾਰ ਇੱਕ ਮਹਿਲਾ ਪ੍ਰਧਾਨ ਮੰਤਰੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜੋ ਸੰਘਰਸ਼ੀਲ ਪ੍ਰਸਥਿਤੀਆਂ ਵਿੱਚ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਦੀ ਕੋਸ਼ਿਸ਼ ਕਰੇਗੀ।