ਸੰਗਰੂਰ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸਵੇਰੇ ਤੋਂ ਹੀ ਪੈ ਰਹੇ ਮੀਂਹ ਨੇ ਜਿੱਥੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਲਭਰਾਅ ਪੈਦਾ ਕਰ ਦਿੱਤਾ, ਓਥੇ ਸਭ ਤੋਂ ਚਿੰਤਾਜਨਕ ਹਾਲਾਤ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਵੇਖਣ ਨੂੰ ਮਿਲੇ। ਹਸਪਤਾਲ ਦਾ ਪੂਰਾ ਪਰਿਸਰ ਗੋਡੇ-ਗੋਡੇ ਪਾਣੀ ਵਿੱਚ ਡੁੱਬਿਆ ਹੋਇਆ ਹੈ, ਜਿਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਸਪਤਾਲ ਦੇ ਅੰਦਰ ਭਰੇ ਗੰਦੇ ਪਾਣੀ ਨਾਲ ਸੀਵਰੇਜ ਪ੍ਰਣਾਲੀ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਹਸਪਤਾਲ ਵਿੱਚ ਇਲਾਜ ਲਈ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਬਿਮਾਰੀਆਂ ਤੋਂ ਬਚਾਉਣ ਲਈ ਆਉਂਦੇ ਹਾਂ ਪਰ ਹਾਲਾਤ ਅਜਿਹੇ ਹਨ ਕਿ ਸਾਨੂੰ ਖੁਦ ਵੀ ਨਵੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਗੰਦੇ ਪਾਣੀ ਕਾਰਨ ਹਰ ਥਾਂ ਤੋਂ ਬਦਬੂ ਆ ਰਹੀ ਹੈ ਜਿਸ ਨਾਲ ਡਾਕਟਰੀ ਸਟਾਫ਼ ਸਮੇਤ ਹਸਪਤਾਲ ਦੇ ਹਰ ਹਿੱਸੇ ਵਿੱਚ ਮਰੀਜ਼ਾਂ ਲਈ ਦਿਨਚਰਿਆ ਮੁਸ਼ਕਲ ਹੋ ਗਈ ਹੈ।
ਸਭ ਤੋਂ ਵੱਡਾ ਖਤਰਾ ਮੱਛਰਾਂ ਦੇ ਫੈਲਾਅ ਅਤੇ ਗੰਭੀਰ ਬਿਮਾਰੀਆਂ ਦੇ ਵਧਣ ਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਹਾਲਾਤ ਜੇ ਅਜਿਹੇ ਹੀ ਰਹੇ ਤਾਂ ਡੇਂਗੂ, ਮਲੇਰੀਆ ਅਤੇ ਹੋਰ ਵਾਇਰਲ ਬਿਮਾਰੀਆਂ ਦੇ ਵਧਣ ਦਾ ਡਰ ਹੈ।
ਸਿਰਫ਼ ਇਹੀ ਨਹੀਂ, ਹਸਪਤਾਲ ਦੀ ਓਪੀਡੀ ਦੇ ਅੰਦਰੋਂ ਆ ਰਹੀਆਂ ਤਸਵੀਰਾਂ ਹੋਰ ਵੀ ਚਿੰਤਾਜਨਕ ਹਨ। ਜਿੱਥੇ ਮਰੀਜ਼ਾਂ ਨੂੰ ਆਪਣੀ ਬਾਰੀ ਲਈ ਲਾਈਨਾਂ ਵਿੱਚ ਖੜ੍ਹਾ ਹੋਣਾ ਚਾਹੀਦਾ ਹੈ, ਓਥੇ 12 ਤੋਂ ਵੱਧ ਅਵਾਰਾ ਕੁੱਤੇ ਬੈਠੇ ਮਿਲੇ ਹਨ। ਇਹ ਦ੍ਰਿਸ਼ ਨਾ ਸਿਰਫ਼ ਹਸਪਤਾਲ ਦੀ ਸਫਾਈ ਪ੍ਰਣਾਲੀ ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ, ਸਗੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਲੋਕ ਡਰੇ ਹੋਏ ਹਨ ਕਿ ਕਿਤੇ ਕੋਈ ਕੁੱਤਾ ਹਮਲਾ ਨਾ ਕਰ ਦੇਵੇ ਜਾਂ ਕਿਸੇ ਨੂੰ ਕੱਟ ਨਾ ਲਵੇ।
ਸਥਾਨਕ ਵਸਨੀਕਾਂ ਅਤੇ ਮਰੀਜ਼ਾਂ ਦੇ ਪਰਿਵਾਰਾਂ ਨੇ ਪ੍ਰਸ਼ਾਸਨ ‘ਤੇ ਭਾਰੀ ਗੁੱਸਾ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਸਭ ਤੋਂ ਵੱਧ ਸੁਰੱਖਿਆ ਤੇ ਸਫਾਈ ਹੋਣੀ ਚਾਹੀਦੀ ਹੈ, ਓਥੇ ਬੇਹਾਲ ਹਾਲਾਤ ਸਿੱਧ ਕਰ ਰਹੇ ਹਨ ਕਿ ਪ੍ਰਸ਼ਾਸਨ ਦੀ ਪੂਰੀ ਤਰ੍ਹਾਂ ਅਣਦੇਖੀ ਹੈ।
ਸੰਗਰੂਰ ਦਾ ਸਰਕਾਰੀ ਹਸਪਤਾਲ ਇਸ ਸਮੇਂ ਬਾਰਿਸ਼ ਦੇ ਪਾਣੀ ਅਤੇ ਅਵਾਰਾ ਕੁੱਤਿਆਂ ਦੇ ਡਰ ਨਾਲ ਦੋਹਰੀ ਮੁਸੀਬਤ ਵਿੱਚ ਫਸਿਆ ਹੋਇਆ ਹੈ, ਅਤੇ ਲੋਕਾਂ ਨੇ ਤੁਰੰਤ ਕਾਰਵਾਈ ਕਰਨ ਲਈ ਸਰਕਾਰ ਅਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ।