ਮੁੰਬਈ-ਪੁਣੇ ਐਕਸਪ੍ਰੈਸਵੇ ’ਤੇ ਪਨਵੈਲ ਨੇੜੇ ਐਤਵਾਰ ਅੱਧੀ ਰਾਤ ਤੋਂ ਬਾਅਦ ਵਾਪਰੇ ਭਿਆਨਕ ਹਾਦਸੇ ਵਿੱਚ ਲਖਨਊ (ਉੱਤਰ ਪ੍ਰਦੇਸ਼) ਦੀ 22 ਸਾਲਾ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਆਸਫ਼ੀਆ ਬਾਨੋ ਮੁਹੰਮਦ ਫਰੀਦ ਖ਼ਾਨ ਦੀ ਮੌਤ ਹੋ ਗਈ। ਹਾਦਸੇ ਵਿੱਚ ਡਰਾਈਵਰ ਸਮੇਤ ਹੋਰ 4 ਲੋਕ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਮੁੰਬਈ ਦੇ ਕੂਪਰ ਹਸਪਤਾਲ ਵਿੱਚ ਚੱਲ ਰਿਹਾ ਹੈ।

ਪੁਲਿਸ ਅਨੁਸਾਰ, ਖ਼ਾਨ, ਜਿਸ ਦੇ ਸੋਸ਼ਲ ਮੀਡੀਆ ’ਤੇ 10 ਲੱਖ ਤੋਂ ਵੱਧ ਫਾਲੋਅਰ ਸਨ, 15 ਦਿਨ ਪਹਿਲਾਂ ਦੋਸਤਾਂ ਨਾਲ ਟੋਯੋਟਾ ਕਰੂਜ਼ਰ ਰਾਹੀਂ ਮੁੰਬਈ ਆਈ ਸੀ। ਸਮੂਹ ਮੁੰਬਈ ਤੋਂ ਲੋਣਾਵਾਲਾ ਜਾ ਰਿਹਾ ਸੀ, ਜਦੋਂ ਰਾਤ ਲਗਭਗ 12 ਵਜੇ ਪਲਾਸਪੇ ਹਾਈਵੇ ਪੁਲਿਸ ਚੌਕੀ ਨੇੜੇ ਡਰਾਈਵਰ ਨੂਰ ਆਲਮ ਖ਼ਾਨ (34) ਨੇ ਤੇਜ਼ ਰਫ਼ਤਾਰ ਕਾਰ ’ਤੇ ਕੰਟਰੋਲ ਗੁਆ ਦਿੱਤਾ। ਕਾਰ ਸੀਮੈਂਟ ਬਲਾਕ ਨਾਲ ਟਕਰਾ ਕੇ ਪਲਟ ਗਈ।

ਹਾਦਸੇ ਵਿੱਚ ਪਿੱਛਲੀ ਸੀਟ ’ਤੇ ਬੈਠੀ ਆਸਫ਼ੀਆ ਖ਼ਾਨ ਨੂੰ ਸਿਰ ’ਚ ਗੰਭੀਰ ਚੋਟ ਲੱਗੀ ਅਤੇ ਉਸ ਦੇ ਸਾਥੀ ਮੁਹੰਮਦ ਅਰਬਾਜ਼ ਮੁਹੰਮਦ ਅਹਿਮਦ (24), ਮੋਹੰਮਦ ਅਰਿਫ਼ ਮੋਹੰਮਦ ਅਜ਼ਮ (24) ਅਤੇ ਰਿਜ਼ਵਾਨ ਖ਼ਾਨ (26) ਵੀ ਜ਼ਖ਼ਮੀ ਹੋਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਆਸਫ਼ੀਆ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਟੱਕਰ ਇੰਨੀ ਜ਼ੋਰਦਾਰ ਸੀ ਕਿ SUV ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ।