ਵਾਸ਼ਿੰਗਟਨ/ਨਵੀਂ ਦਿੱਲੀ – ਅਮਰੀਕਾ ਅਤੇ ਭਾਰਤ ਦੇ ਵਪਾਰਕ ਸੰਬੰਧਾਂ ‘ਚ ਤਣਾਅ ਹੋਰ ਵਧਣ ਜਾ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ 27 ਅਗਸਤ 2025 ਤੋਂ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਕਈ ਉਤਪਾਦਾਂ ‘ਤੇ 25 ਪ੍ਰਤੀਸ਼ਤ ਵਾਧੂ ਟੈਰਿਫ ਲਗਾਇਆ ਜਾਵੇਗਾ। ਇਸ ਨਾਲ ਭਾਰਤ ਤੋਂ ਆਉਣ ਵਾਲੇ ਉਤਪਾਦਾਂ ‘ਤੇ ਕੁੱਲ ਸ਼ੁਲਕ ਦਰ 50% ਤੱਕ ਪਹੁੰਚ ਜਾਵੇਗੀ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (CBP) ਨੇ ਜਾਰੀ ਕੀਤੇ ਨੋਟਿਸ ‘ਚ ਕਿਹਾ ਹੈ ਕਿ ਇਹ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ 6 ਅਗਸਤ ਨੂੰ ਸਾਈਨ ਕੀਤੇ ਕਾਰਜਕਾਰੀ ਹੁਕਮ ਦੇ ਤਹਿਤ ਲਿਆ ਗਿਆ ਹੈ। ਨੋਟਿਸ ਅਨੁਸਾਰ, ਇਹ ਨਵਾਂ ਟੈਰਿਫ 27 ਅਗਸਤ ਨੂੰ ਰਾਤ 12:01 ਵਜੇ (Eastern Standard Time) ਤੋਂ ਪ੍ਰਭਾਵੀ ਹੋ ਜਾਵੇਗਾ।
ਰੂਸ-ਯੂਕਰੇਨ ਜੰਗ ਕਾਰਨ ਭਾਰਤ ‘ਤੇ ਨਿਸ਼ਾਨਾ
ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਨਾਲ ਅਸਿੱਧੇ ਤੌਰ ‘ਤੇ ਮਾਸਕੋ ਨੂੰ ਯੂਕਰੇਨ ਯੁੱਧ ਜਾਰੀ ਰੱਖਣ ਲਈ ਵਿੱਤੀ ਮਦਦ ਮਿਲ ਰਹੀ ਹੈ। ਇਸੇ ਕਰਕੇ ਅਮਰੀਕਾ ਨੇ ਭਾਰਤ ਵਿਰੁੱਧ ਵਾਧੂ ਟੈਰਿਫ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਨਵਾਂ 25% ਟੈਰਿਫ, ਪਹਿਲਾਂ ਹੀ 1 ਅਗਸਤ 2025 ਤੋਂ ਲਗੇ 25% ਪਰਸਪਰ ਟੈਰਿਫ ਤੋਂ ਇਲਾਵਾ ਹੋਵੇਗਾ। ਦੋਵੇਂ ਮਿਲਾਕੇ ਭਾਰਤ ਲਈ ਅਮਰੀਕੀ ਬਾਜ਼ਾਰ ਵਿੱਚ ਦਾਖਲ ਹੋਣ ਦੀ ਲਾਗਤ ਦੁੱਗਣੀ ਹੋ ਜਾਵੇਗੀ। ਟਰੰਪ ਪ੍ਰਸ਼ਾਸਨ ਨੇ ਦੱਸਿਆ ਕਿ ਨਵੀਂ ਦਰ ਹੁਣ ਬ੍ਰਾਜ਼ੀਲ ਦੇ ਬਰਾਬਰ ਹੋ ਜਾਵੇਗੀ ਅਤੇ ਏਸ਼ੀਆ-ਪੈਸਿਫਿਕ ਖੇਤਰ ਦੇ ਹੋਰ ਦੇਸ਼ਾਂ ਨਾਲੋਂ ਕਾਫ਼ੀ ਵੱਧ ਹੋਵੇਗੀ।
ਕਿਹੜੇ ਖੇਤਰ ਰਹਿਣਗੇ ਪ੍ਰਭਾਵਿਤ?
ਭਾਰਤ ਦੇ 87 ਬਿਲੀਅਨ ਡਾਲਰ ਦੇ ਨਿਰਯਾਤ, ਜੋ ਕਿ ਦੇਸ਼ ਦੇ ਕੁੱਲ ਜੀਡੀਪੀ ਦਾ ਲਗਭਗ 2.5% ਬਣਦੇ ਹਨ, ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਸਕਦੇ ਹਨ।
ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਖੇਤਰ ਹਨ:
- ਟੈਕਸਟਾਈਲ ਅਤੇ ਗਾਰਮੈਂਟ ਉਦਯੋਗ
- ਰਤਨ ਅਤੇ ਗਹਿਣੇ
- ਚਮੜੇ ਦਾ ਉਦਯੋਗ
- ਸਮੁੰਦਰੀ ਉਤਪਾਦ
- ਰਸਾਇਣਕ ਉਤਪਾਦ
- ਆਟੋ ਪਾਰਟਸ
ਹਾਲਾਂਕਿ, ਅਮਰੀਕਾ ਨੇ ਕੁਝ ਖੇਤਰਾਂ ਨੂੰ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਫਾਰਮਾਸਿਊਟੀਕਲ, ਸੈਮੀਕੰਡਕਟਰ ਅਤੇ ਊਰਜਾ ਸਰੋਤਾਂ ਨਾਲ ਸੰਬੰਧਿਤ ਉਤਪਾਦ ਸ਼ਾਮਲ ਹਨ।
ਭਾਰਤ-ਅਮਰੀਕਾ ਸੰਬੰਧਾਂ ‘ਚ ਨਵਾਂ ਸੰਕਟ
ਵਿਦੇਸ਼ ਨੀਤੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਦੋਵੇਂ ਦੇਸ਼ਾਂ ਦੇ ਰਾਜਨੀਤਿਕ ਅਤੇ ਆਰਥਿਕ ਸੰਬੰਧਾਂ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਪਹਿਲਾਂ ਹੀ ਵਪਾਰਕ ਮਸਲਿਆਂ ‘ਤੇ ਤਣਾਅ ਚੱਲ ਰਿਹਾ ਸੀ, ਹੁਣ ਵਧੇਰੇ ਟੈਰਿਫ ਕਾਰਨ ਭਾਰਤ ਦੇ ਐਕਸਪੋਰਟਰਾਂ ਲਈ ਅਮਰੀਕੀ ਬਾਜ਼ਾਰ ਵਿੱਚ ਟਿਕਣਾ ਮੁਸ਼ਕਲ ਹੋ ਸਕਦਾ ਹੈ।
ਭਾਰਤੀ ਸਰਕਾਰ ਦੀ ਚਿੰਤਾ
ਭਾਰਤ ਸਰਕਾਰ ਵੱਲੋਂ ਇਸ ਫ਼ੈਸਲੇ ਬਾਰੇ ਅਧਿਕਾਰਤ ਪ੍ਰਤੀਕ੍ਰਿਆ ਹਾਲੇ ਨਹੀਂ ਆਈ, ਪਰ ਵਪਾਰ ਮੰਤਰਾਲੇ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਇਸਦਾ ਸਿੱਧਾ ਨੁਕਸਾਨ ਭਾਰਤੀ ਉਦਯੋਗਾਂ ਅਤੇ ਰੋਜ਼ਗਾਰ ‘ਤੇ ਪੈ ਸਕਦਾ ਹੈ।