ਦੀਵਾਲੀ ਤੋਂ ਠੀਕ ਪਹਿਲਾਂ ਮੋਦੀ ਸਰਕਾਰ ਨੇ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਖੁਸ਼ਖਬਰੀ ਦਿੱਤੀ ਹੈ। ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ਵਿੱਚ ਕੇਂਦਰ ਨੇ ਮਹਿੰਗਾਈ ਭੱਤੇ (DA) ਵਿੱਚ 3 ਪ੍ਰਤੀਸ਼ਤ ਵਾਧਾ ਕਰਨ ਦਾ ਫ਼ੈਸਲਾ ਲਿਆ। ਇਸ ਫੈਸਲੇ ਨਾਲ ਕਰਮਚਾਰੀਆਂ ਦਾ ਡੀਏ 55 ਪ੍ਰਤੀਸ਼ਤ ਤੋਂ ਵੱਧ ਕੇ ਹੁਣ 58 ਪ੍ਰਤੀਸ਼ਤ ਹੋ ਜਾਵੇਗਾ।
ਇਸ ਵਾਧੇ ਦਾ ਸਿੱਧਾ ਲਾਭ ਦੇਸ਼ ਭਰ ਦੇ ਲਗਭਗ 1.15 ਕਰੋੜ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ। ਹਾਲਾਂਕਿ, ਇਸ ਨਾਲ ਸਰਕਾਰ ’ਤੇ ਸਾਲਾਨਾ 10,084 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
ਮਹਿੰਗਾਈ ਭੱਤੇ ਦੀ ਮਹੱਤਤਾ
ਡੀਏ ਅਤੇ ਡੀਆਰ (Dearness Allowance ਅਤੇ Dearness Relief) ਤਨਖਾਹ ਅਤੇ ਪੈਨਸ਼ਨ ਦੇ ਸਭ ਤੋਂ ਅਹਿਮ ਹਿੱਸੇ ਹਨ। ਇਹ ਵਾਧਾ ਮਹਿੰਗਾਈ ਦੇ ਬੋਝ ਨੂੰ ਘਟਾਉਣ ਲਈ ਕੀਤਾ ਜਾਂਦਾ ਹੈ ਤਾਂ ਜੋ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਮੰਗਾਈ ਨਾਲ ਜੂਝ ਸਕਣ।
ਸਰਕਾਰ ਹਰੇਕ ਸਾਲ ਜਨਵਰੀ ਅਤੇ ਜੁਲਾਈ ਵਿੱਚ ਦੋ ਵਾਰ ਮਹਿੰਗਾਈ ਭੱਤੇ ’ਚ ਸੋਧ ਕਰਦੀ ਹੈ। ਪਰ ਇਸ ਵਾਰ ਕਰਮਚਾਰੀਆਂ ਨੂੰ ਜੁਲਾਈ ਤੋਂ ਬਕਾਇਆ ਵਾਧੇ ਦੀ ਉਡੀਕ ਸੀ। ਆਖਿਰਕਾਰ ਸਰਕਾਰ ਨੇ ਤਿਉਹਾਰ ਦੇ ਮੌਕੇ ’ਤੇ ਇਹ ਤੋਹਫ਼ਾ ਦੇ ਕੇ ਲੱਖਾਂ ਪਰਿਵਾਰਾਂ ਨੂੰ ਰਾਹਤ ਦਿੱਤੀ ਹੈ।
ਕਰਮਚਾਰੀਆਂ ਵਿੱਚ ਖੁਸ਼ੀ
ਇਸ ਫ਼ੈਸਲੇ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਵਿੱਚ ਖ਼ਾਸਾ ਉਤਸ਼ਾਹ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਵਾਧਾ ਤਿਉਹਾਰ ਦੇ ਸੀਜ਼ਨ ਵਿੱਚ ਉਹਨਾਂ ਦੇ ਖਰਚੇ ਸੰਭਾਲਣ ਵਿੱਚ ਮਦਦਗਾਰ ਸਾਬਤ ਹੋਵੇਗਾ।