ਚੰਡੀਗੜ੍ਹ/ਜਲੰਧਰ, 3 ਅਕਤੂਬਰ – ਪੰਜਾਬ ਵਾਸੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਸੜਕਾਂ ਦੇ ਜਾਲ ਨੂੰ ਹੋਰ ਮਜ਼ਬੂਤ ਕਰਕੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਲੋਕ ਨਿਰਮਾਣ ਵਿਭਾਗ (PWD) ਇਸ ਯਤਨ ਵਿੱਚ ਅਗਵਾਈ ਕਰ ਰਿਹਾ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਨਾਬਾਰਡ ਅਤੇ ਹੋਰ ਸਕੀਮਾਂ ਤਹਿਤ ਵੱਡੇ ਪੱਧਰ ’ਤੇ ਕੰਮ ਹੋ ਰਹੇ ਹਨ, ਜਿਸ ਨਾਲ ਪਿੰਡ ਤੋਂ ਸ਼ਹਿਰ ਤੱਕ ਸੰਪਰਕ ਸੁਵਿਧਾਵਾਂ ਹੋਰ ਆਸਾਨ ਹੋਣਗੀਆਂ।
ਨਾਬਾਰਡ ਸਕੀਮ ਤਹਿਤ ਹੋਏ ਵੱਡੇ ਕੰਮ
ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2024-25 ਦੌਰਾਨ ਨਾਬਾਰਡ ਸਕੀਮ ਤਹਿਤ 279.64 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਅਤੇ 8 ਪੁਲਾਂ ਦਾ ਕੰਮ ਪੂਰਾ ਕੀਤਾ ਗਿਆ, ਜਿਸ ਉੱਪਰ 104.28 ਕਰੋੜ ਰੁਪਏ ਖਰਚ ਕੀਤੇ ਗਏ।
ਉਨ੍ਹਾਂ ਕਿਹਾ ਕਿ ਵਿੱਤੀ ਸਾਲ 2025-26 ਲਈ ਯੋਜਨਾ ਅਨੁਸਾਰ 125 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ’ਤੇ 192 ਕਰੋੜ ਰੁਪਏ ਖਰਚਣ ਦੀ ਯੋਜਨਾ ਹੈ। ਇਸ ਵਿੱਚੋਂ ਹੁਣ ਤੱਕ 14.50 ਕਿਲੋਮੀਟਰ ਸੜਕਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਉੱਪਰ 18.13 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਸੜਕਾਂ ਦੇ ਨਿਰਮਾਣ ਲਈ ਹੋਣਗੇ ਵੱਡੇ ਖਰਚੇ
ਆਈਟਮ ਨੰ. 5054 (ਆਰ. ਬੀ.-10) ਦੇ ਅਧੀਨ ਵਿੱਤੀ ਸਾਲ 2024-25 ਦੌਰਾਨ 781 ਕਿਲੋਮੀਟਰ ਸੜਕਾਂ ਪੂਰੀਆਂ ਕੀਤੀਆਂ ਗਈਆਂ, ਜਿਸ ਉੱਪਰ 503.02 ਕਰੋੜ ਰੁਪਏ ਖਰਚ ਹੋਏ।
ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2025-26 ਦੌਰਾਨ ਇਸੇ ਆਈਟਮ ਤਹਿਤ 840 ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਨ ਦਾ ਟੀਚਾ ਹੈ, ਜਿਸ ’ਤੇ 663 ਕਰੋੜ ਰੁਪਏ ਖਰਚਣ ਦੀ ਯੋਜਨਾ ਹੈ। ਹੁਣ ਤੱਕ ਇਸ ਵਿੱਚੋਂ 342 ਕਿਲੋਮੀਟਰ ਸੜਕਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ 212 ਕਰੋੜ ਰੁਪਏ ਖਰਚ ਹੋਏ ਹਨ।
ਪੁਲਾਂ ਦੇ ਨਿਰਮਾਣ ਨੂੰ ਵੀ ਮਿਲੀ ਤਰਜੀਹ
ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਆਈਟਮ ਨੰ. 5054 ਤਹਿਤ 2024-25 ਵਿੱਚ 10 ਪੁਲਾਂ ਦਾ ਨਿਰਮਾਣ ਕੀਤਾ ਗਿਆ, ਜਿਸ ’ਤੇ 48.29 ਕਰੋੜ ਰੁਪਏ ਖਰਚ ਹੋਏ।
ਉਨ੍ਹਾਂ ਕਿਹਾ ਕਿ ਵਿੱਤੀ ਸਾਲ 2025-26 ਦੌਰਾਨ 31 ਪੁਲਾਂ ਦਾ ਨਿਰਮਾਣ ਕਰਨ ਦੀ ਯੋਜਨਾ ਹੈ, ਜਿਸ ਲਈ 155 ਕਰੋੜ ਰੁਪਏ ਖਰਚੇ ਜਾਣਗੇ। ਹੁਣ ਤੱਕ 16.39 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਲੋਕਾਂ ਨੂੰ ਮਿਲੇਗਾ ਸਿੱਧਾ ਫ਼ਾਇਦਾ
ਮੰਤਰੀ ਨੇ ਕਿਹਾ ਕਿ ਇਹ ਵਿਕਾਸ ਕਾਰਜ ਸਿਰਫ਼ ਸੜਕਾਂ ਦੀ ਮਜ਼ਬੂਤੀ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇਹ ਲੋਕਾਂ ਦੀ ਆਵਾਜਾਈ, ਵਪਾਰ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਉਦੇਸ਼ ਹਰ ਪਿੰਡ ਅਤੇ ਸ਼ਹਿਰ ਨੂੰ ਮਜ਼ਬੂਤ ਸੜਕ ਨੈੱਟਵਰਕ ਰਾਹੀਂ ਜੋੜ ਕੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣਾ ਹੈ।