ਇੰਟਰਨੈਸ਼ਨਲ ਡੈਸਕ: ਅਮਰੀਕਾ ਵਿੱਚ ਸਿੱਖ ਨੌਜਵਾਨਾਂ ਅਤੇ ਧਾਰਮਿਕ ਸਮੂਹਾਂ ਲਈ ਇੱਕ ਵੱਡਾ ਚੌਂਕਾਉਣ ਵਾਲਾ ਫੈਸਲਾ ਸਾਹਮਣੇ ਆਇਆ ਹੈ। ਅਮਰੀਕੀ ਫੌਜ ਨੇ ਭਰਤੀ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਸਾਲ 2010 ਤੋਂ ਪਹਿਲਾਂ ਵਾਲੇ ਨਿਯਮਾਂ ਨੂੰ ਮੁੜ ਲਾਗੂ ਕਰਨ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ, ਜੋ ਨੌਜਵਾਨ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਹਨਾਂ ਨੂੰ ਦਾੜ੍ਹੀ ਕੱਟਣੀ ਪਵੇਗੀ। ਇਸ ਕਾਰਨ ਫੌਜ ਵਿੱਚ ਭਰਤੀ ਹੋਏ ਸਿੱਖ ਨੌਜਵਾਨਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਸੂਤਰਾਂ ਦੇ ਮੁਤਾਬਕ, 30 ਸਤੰਬਰ ਨੂੰ ਵਰਜੀਨੀਆ ਦੇ ਮਰੀਨ ਕੋਰ ਬੇਸ ‘ਚ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਆਪਣੇ ਭਾਸ਼ਣ ਦੌਰਾਨ ਫੌਜ ਵਿੱਚ ਅਨੁਸ਼ਾਸਨ ਦੀ ਮਹੱਤਾ ਤੇ ਜੋਰ ਦਿੰਦਿਆਂ ਕਿਹਾ ਕਿ “ਜੇਕਰ ਤੁਸੀਂ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਦਾੜ੍ਹੀ ਨੂੰ ਸ਼ੇਵ ਕਰਨਾ ਪਵੇਗਾ। ਫੌਜ ਵਿੱਚ ਦਾੜ੍ਹੀ ਰੱਖਣ ਲਈ ਧਾਰਮਿਕ ਅਧਾਰ ‘ਤੇ ਛੂਟ ਮੰਨਿਆ ਨਹੀਂ ਜਾਵੇਗਾ।”
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ, ਪੈਂਟਾਗਨ ਵੱਲੋਂ ਅਧਿਕਾਰੀਆਂ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ, ਫੌਜ ਦੇ ਲਗਭਗ ਸਾਰੇ ਅਧਿਕਾਰੀ ਆਪਣੀ ਦਾੜ੍ਹੀ ਕੱਟਣਗੇ, ਸਿਰਫ਼ ਉੱਚ ਪੱਧਰੀ ਅਧਿਕਾਰੀ ਹੀ ਇਸ ਵਿੱਚ ਛੂਟ ਪ੍ਰਾਪਤ ਕਰਨਗੇ।
ਇਸ ਨਵੇਂ ਫੈਸਲੇ ਨਾਲ ਸਿੱਖ, ਮੁਸਲਿਮ ਅਤੇ ਯਹੂਦੀ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ, ਜੋ ਆਪਣੇ ਧਾਰਮਿਕ ਨਿਯਮਾਂ ਦੇ ਅਨੁਸਾਰ ਦਾੜ੍ਹੀ ਰੱਖਦੇ ਹਨ। ਹੁਣ ਉਨ੍ਹਾਂ ਦੇ ਸਾਹਮਣੇ ਇੱਕ ਗੰਭੀਰ ਚੁਣੌਤੀ ਆ ਗਈ ਹੈ—ਫੌਜ ਵਿੱਚ ਭਰਤੀ ਹੋਣ ਦੇ ਸੁਫ਼ਨੇ ਅਤੇ ਆਪਣੇ ਧਾਰਮਿਕ ਅਸੂਲਾਂ ਵਿੱਚੋਂ ਕਿਸੇ ਇਕ ਨੂੰ ਚੁਣਨਾ।
ਅਮਰੀਕੀ ਰੱਖਿਆ ਵਿਭਾਗ ਦੇ ਮਾਹਿਰਾਂ ਦੇ ਅਨੁਸਾਰ ਇਹ ਨਿਯਮ ਫੌਜ ਵਿੱਚ ਅਨੁਸ਼ਾਸਨ ਨੂੰ ਸਖ਼ਤ ਬਣਾਉਣ ਲਈ ਲਾਗੂ ਕੀਤੇ ਗਏ ਹਨ, ਪਰ ਇਹ ਸੰਸਥਾ ਅਤੇ ਧਾਰਮਿਕ ਅਜ਼ਾਦੀ ਦੇ ਦਰਮਿਆਨ ਨਾਜੁਕ ਸੰਤੁਲਨ ਨੂੰ ਵੀ ਪਰਖਣਗੇ। ਵਿਸ਼ਲੇਸ਼ਕਾਂ ਦੇ ਅਨੁਸਾਰ, ਇਸ ਫੈਸਲੇ ਨਾਲ ਸੰਭਵ ਹੈ ਕਿ ਭਵਿੱਖ ਵਿੱਚ ਫੌਜ ਵਿੱਚ ਭਰਤੀ ਲਈ ਧਾਰਮਿਕ ਪਿਛੋਕੜ ਵਾਲੇ ਨੌਜਵਾਨਾਂ ਦੀ ਸੰਖਿਆ ਘਟ ਸਕਦੀ ਹੈ, ਜਿਸ ਨਾਲ ਸੰਸਥਾ ਦੀ ਵਿਭਿੰਨਤਾ ‘ਤੇ ਵੀ ਅਸਰ ਪੈ ਸਕਦਾ ਹੈ।