ਬਠਿੰਡਾ : ਬਠਿੰਡਾ ਦੇ ਪਿੰਡ ਜੀਦਾ ਵਿਚ 10 ਸਤੰਬਰ ਨੂੰ ਹੋਏ ਬਮ ਧਮਾਕਿਆਂ ਦੇ ਮਾਮਲੇ ਨੇ ਹੁਣ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਦੌਰਾਨ ਐਨਆਈਏ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ‘ਚ ਸਨਸਨੀਖੇਜ਼ ਖ਼ੁਲਾਸਾ ਸਾਹਮਣੇ ਆਇਆ ਹੈ। ਮੁਢਲੀ ਜਾਂਚ ਦੇ ਅਨੁਸਾਰ, ਧਮਾਕੇ ਵਿਚ ਜ਼ਖ਼ਮੀ ਹੋਇਆ 19 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦਰਅਸਲ ਮਨੁੱਖੀ ਬੰਬ ਵਜੋਂ ਵਰਤਿਆ ਜਾਣਾ ਸੀ ਅਤੇ ਉਸਦੀ ਯੋਜਨਾ ਜੰਮੂ ਕਸ਼ਮੀਰ ਵਿਚ ਫ਼ੌਜੀ ਟਿਕਾਣੇ ‘ਤੇ ਹਮਲਾ ਕਰਨ ਦੀ ਸੀ।
ਜਾਣਕਾਰੀ ਅਨੁਸਾਰ, ਗੁਰਪ੍ਰੀਤ ਨੇ ਆਨਲਾਈਨ ਪਲੇਟਫਾਰਮਾਂ ਰਾਹੀਂ ਧਮਾਕਾਖੇਜ਼ ਸਮੱਗਰੀ ਮੰਗਵਾਈ ਸੀ ਅਤੇ ਨਾਲ ਹੀ ਉਸਨੇ ਇੱਕ ਖ਼ਾਸ ਤਰ੍ਹਾਂ ਦੀ ਬੈਲਟ ਵੀ ਖਰੀਦੀ ਸੀ, ਜਿਸ ‘ਚ ਬਮ ਫਿੱਟ ਕਰਕੇ ਉਹ ਆਪਣੇ ਪੇਟ ਨਾਲ ਬੰਨ੍ਹ ਕੇ ਖ਼ੁਦਕੁਸ਼ ਹਮਲਾ ਕਰਨ ਦੀ ਯੋਜਨਾ ਬਣਾਈ ਬੈਠਾ ਸੀ। ਪਰ ਘਰ ‘ਚ ਹੀ ਬੰਬ ਬਣਾਉਂਦੇ ਸਮੇਂ ਹੋਏ ਧਮਾਕੇ ਨੇ ਉਸਦੀ ਪੂਰੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ।
ਮੰਗਲਵਾਰ ਨੂੰ ਐਨਆਈਏ ਦੀ ਟੀਮ ਵੱਲੋਂ ਗੁਰਪ੍ਰੀਤ ਦੇ ਘਰ ਦਾ ਦੌਰਾ ਕੀਤਾ ਗਿਆ ਅਤੇ ਉੱਥੋਂ ਬਮ ਬਣਾਉਣ ਲਈ ਵਰਤੇ ਗਏ ਕੈਮੀਕਲਾਂ ਦੇ ਨਮੂਨੇ ਇਕੱਠੇ ਕੀਤੇ ਗਏ। ਇਸ ਤੋਂ ਇਲਾਵਾ, ਜਾਂਚ ਏਜੰਸੀ ਨੇ ਗੁਰਪ੍ਰੀਤ ਨਾਲ ਏਮਸ ਵਿਚ ਵੀ ਲੰਬੀ ਪੁੱਛਗਿੱਛ ਕੀਤੀ। ਪੁਲਿਸ ਦੇ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਗੁਰਪ੍ਰੀਤ ਆਪਣੇ ਬਿਆਨਾਂ ਵਿਚ ਖ਼ੁਦ ਇਹ ਸਵੀਕਾਰ ਕਰ ਚੁੱਕਾ ਹੈ ਕਿ ਉਹ ਮਨੁੱਖੀ ਬੰਬ ਬਣ ਕੇ ਜੰਮੂ ਕਸ਼ਮੀਰ ‘ਚ ਸੁਰਖਿਆ ਬਲਾਂ ‘ਤੇ ਹਮਲਾ ਕਰਨ ਜਾ ਰਿਹਾ ਸੀ। ਉਸਦਾ ਕਹਿਣਾ ਸੀ ਕਿ ਕਸ਼ਮੀਰੀ ਮੁਸਲਿਮ ਕੁੜੀਆਂ ਨਾਲ ਹੋ ਰਹੇ ਧੱਕੇ ਨੇ ਉਸਨੂੰ ਇਸ ਰਾਹ ‘ਤੇ ਧੱਕ ਦਿੱਤਾ।
ਸੂਤਰਾਂ ਦਾ ਦਾਅਵਾ ਹੈ ਕਿ ਗੁਰਪ੍ਰੀਤ ਦਾ ਕਹਿਣਾ ਸੀ ਕਿ ਜਿੱਥੇ ਵੀ ਜੰਮੂ ਕਸ਼ਮੀਰ ‘ਚ ਉਸਦਾ ਸਾਹਮਣਾ ਹਥਿਆਰਬੰਦ ਫ਼ੌਜੀਆਂ ਨਾਲ ਹੁੰਦਾ, ਉਹ ਓਥੇ ਹੀ ਧਮਾਕਾ ਕਰਦਾ। ਪੁਲਿਸ ਨੇ ਕਠੂਆ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ, ਹਾਲਾਂਕਿ ਇਸ ਬਾਰੇ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ।
ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਪਿਛਲੇ ਕੁਝ ਸਾਲਾਂ ਤੋਂ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਭਾਸ਼ਣਾਂ ਤੋਂ ਬਹੁਤ ਪ੍ਰਭਾਵਿਤ ਸੀ। ਉਸਦੇ ਵਿਚਾਰਾਂ ਨੇ ਨੌਜਵਾਨ ਦੇ ਮਨ ਵਿਚ ਅੱਤਵਾਦੀ ਸੋਚ ਪੈਦਾ ਕੀਤੀ। ਇੱਥੋਂ ਤੱਕ ਕਿ ਲਗਭਗ ਇੱਕ ਸਾਲ ਪਹਿਲਾਂ ਉਹ ਸਾਈਕਲ ਰਾਹੀਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵੀ ਕਰਨਾ ਚਾਹੁੰਦਾ ਸੀ, ਪਰਿਵਾਰ ਨੇ ਉਸਦੀ ਇਸ ਹਰਕਤ ਨੂੰ ਰੋਕ ਦਿੱਤਾ ਸੀ। ਉਸ ਤੋਂ ਬਾਅਦ ਪਰਿਵਾਰ ਨੇ ਉਸਨੂੰ ਨਾਨਕੇ ਭੇਜ ਦਿੱਤਾ, ਤਾਂ ਜੋ ਉਸਦੀ ਸੋਚ ‘ਚ ਤਬਦੀਲੀ ਆ ਸਕੇ, ਪਰ ਇਸਦੇ ਬਾਵਜੂਦ ਵੀ ਉਹ ਅੱਤਵਾਦੀ ਵਿਚਾਰਧਾਰਾ ਤੋਂ ਬਾਹਰ ਨਹੀਂ ਆ ਸਕਿਆ।
ਇਸ ਖ਼ੁਲਾਸੇ ਨੇ ਸੁਰਖਿਆ ਏਜੰਸੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਇੱਕ ਪਾਸੇ ਜਿੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿਚ ਬੈਠੇ ਨੌਜਵਾਨ ਵੀ ਅੱਤਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਰਹੇ ਹਨ, ਓਥੇ ਹੀ ਇਹ ਵੀ ਸਵਾਲ ਉਠ ਰਿਹਾ ਹੈ ਕਿ ਆਨਲਾਈਨ ਪਲੇਟਫਾਰਮਾਂ ਰਾਹੀਂ ਕਿਵੇਂ ਆਸਾਨੀ ਨਾਲ ਧਮਾਕਾਖੇਜ਼ ਸਮੱਗਰੀ ਮੰਗਵਾਈ ਜਾ ਰਹੀ ਹੈ।
ਫ਼ਿਲਹਾਲ ਐਨਆਈਏ, ਪੰਜਾਬ ਪੁਲਿਸ ਅਤੇ ਜੰਮੂ ਕਸ਼ਮੀਰ ਪੁਲਿਸ ਮਿਲ ਕੇ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਜਾਂਚ ਏਜੰਸੀਆਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਗੁਰਪ੍ਰੀਤ ਨੂੰ ਕੌਣ-ਕੌਣ ਬਾਹਰਲੇ ਲੋਕਾਂ ਵੱਲੋਂ ਗਾਈਡ ਕਰ ਰਿਹਾ ਸੀ ਅਤੇ ਕੀ ਇਸ ਸਾਜ਼ਿਸ਼ ਦੇ ਪਿੱਛੇ ਕੋਈ ਵੱਡਾ ਅੱਤਵਾਦੀ ਗਰੁੱਪ ਸ਼ਾਮਲ ਹੈ।