ਬਠਿੰਡਾ : ਬਠਿੰਡਾ ਵਿੱਚ 10 ਸਤੰਬਰ ਨੂੰ ਹੋਏ ਧਮਾਕੇ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਸੀ। ਪਿੰਡ ਜੀਦਾ ਦੇ ਰਹਿਣ ਵਾਲੇ ਤੇ ਕਾਨੂੰਨ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਘਰ ਵਿੱਚ ਬੰਬ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਕਿ ਅਚਾਨਕ ਧਮਾਕੇ ਵਿੱਚ ਬਦਲ ਗਈ। ਇਸ ਧਮਾਕੇ ਵਿੱਚ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਸੱਜਾ ਹੱਥ ਕੱਟਣਾ ਪਿਆ। ਉਸਨੂੰ ਇਲਾਜ ਲਈ ਬਠਿੰਡਾ ਤੋਂ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਬੁੱਧਵਾਰ ਨੂੰ ਜਦੋਂ ਡਾਕਟਰਾਂ ਨੇ ਗੁਰਪ੍ਰੀਤ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ, ਤਾਂ ਬਠਿੰਡਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਮੁੱਢਲੀ ਜਾਂਚ ਵਿੱਚ ਇਹ ਸਾਫ਼ ਹੋ ਗਿਆ ਹੈ ਕਿ ਗੁਰਪ੍ਰੀਤ ਸਿੰਘ ਮਨੁੱਖੀ ਬੰਬ ਬਣ ਕੇ ਫ਼ੌਜ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ। ਇਸ ਸਾਜ਼ਿਸ਼ ਦੇ ਪਿੱਛੇ ਹੋਰ ਕਿਸੇ ਵੱਡੇ ਗਰੁੱਪ ਦਾ ਹੱਥ ਹੈ ਜਾਂ ਨਹੀਂ, ਇਸਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਗੁਰਪ੍ਰੀਤ ਨੇ ਬੰਬ ਬਣਾਉਣ ਲਈ ਵੱਡੀ ਮਾਤਰਾ ਵਿੱਚ ਰਸਾਇਣਕ ਪਦਾਰਥ (ਕੈਮੀਕਲਸ) ਆਨਲਾਈਨ ਮੰਗਵਾਏ ਸਨ। ਇਹਨਾਂ ਨੂੰ ਮਿਲਾ ਕੇ ਉਸਨੇ ਲਗਭਗ ਦੋ ਕਿਲੋ ਧਮਾਕਾਖ਼ੇਜ਼ ਸਮੱਗਰੀ ਤਿਆਰ ਕਰ ਲਈ ਸੀ। ਜਦੋਂ ਉਹ ਇਸ ਸਮੱਗਰੀ ਨਾਲ ਮਨੁੱਖੀ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਚਾਨਕ ਭਿਆਨਕ ਧਮਾਕਾ ਹੋ ਗਿਆ, ਜਿਸ ਨਾਲ ਘਰ ਹਿੱਲ ਗਿਆ ਅਤੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਜੇਕਰ ਉਸਦੀ ਯੋਜਨਾ ਸਫ਼ਲ ਹੋ ਜਾਂਦੀ ਤਾਂ ਵੱਡਾ ਖ਼ੂਨੀ ਹਾਦਸਾ ਹੋ ਸਕਦਾ ਸੀ। ਪੁਲਿਸ ਨੇ ਗੁਰਪ੍ਰੀਤ ਦੇ ਘਰ ਵਿੱਚੋਂ ਬਚੇ ਹੋਏ ਕੈਮੀਕਲ ਤੇ ਸਮੱਗਰੀ ਜ਼ਬਤ ਕਰ ਲਈ ਹੈ ਅਤੇ ਘਰ ਨੂੰ ਸੀਲ ਕਰ ਦਿੱਤਾ ਹੈ। ਕੈਮੀਕਲਜ਼ ਬਹੁਤ ਸੰਵੇਦਨਸ਼ੀਲ ਤੇ ਖ਼ਤਰਨਾਕ ਹਨ, ਇਸ ਕਰਕੇ ਪੁਲਿਸ ਨੇ ਹੋਰ ਤਕਨੀਕੀ ਜਾਂਚ ਲਈ ਫ਼ੌਜ ਨੂੰ ਵੀ ਪੱਤਰ ਲਿਖਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਗੁਰਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਦੀਆਂ ਕਈ ਹੋਰ ਗੁੱਥੀਆਂ ਸੁਲਝਣ ਦੀ ਉਮੀਦ ਹੈ। ਜਾਂਚ ਏਜੰਸੀਆਂ ਇਸ ਗੱਲ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਉਸਦੇ ਅੰਤਰਰਾਸ਼ਟਰੀ ਜਾਂ ਕਿਸੇ ਖ਼ਾਸ ਸੰਗਠਨ ਨਾਲ ਸਿੱਧੇ ਸਬੰਧ ਸਨ। ਇਸ ਸਮੇਂ ਗੁਰਪ੍ਰੀਤ ਸਿੰਘ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।