ਬਟਾਲਾ: ਨੇੜਲੇ ਪਿੰਡ ਸੇਖਵਾਂ ਜਾਦਪੁਰ ਦੇ ਰਹਿਣ ਵਾਲੇ ਨੌਜਵਾਨ ਮਲਕੀਤ ਸਿੰਘ ਦੀ ਪੁਰਤਗਾਲ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਨ੍ਹਾਂ ਦੇ ਭਰਾ ਰਣਜੀਤ ਸਿੰਘ ਪੱਡਾ ਨੇ ਦੱਸਿਆ ਕਿ ਮਲਕੀਤ ਸਿੰਘ ਢਾਈ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਖਾਤਰ ਪਹਿਲਾਂ ਆਸਟ੍ਰੀਆ ਗਿਆ ਸੀ ਅਤੇ ਉਥੋਂ ਬਾਅਦ ਪੁਰਤਗਾਲ ਚਲਾ ਗਿਆ।ਕਾਰਡ ਮਿਲਣ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਮਿਲਣ ਪੰਜਾਬ ਆਇਆ ਸੀ ਅਤੇ ਡੇਢ ਮਹੀਨਾ ਪਹਿਲਾਂ ਹੀ ਵਾਪਸ ਪੁਰਤਗਾਲ ਗਿਆ ਸੀ। ਤਿੰਨ ਅਗਸਤ ਨੂੰ ਕੰਮ ਤੋਂ ਵਾਪਸੀ ਦੌਰਾਨ ਉਹ ਮੋਪਡ ‘ਤੇ ਘਰ ਜਾ ਰਿਹਾ ਸੀ ਕਿ ਇੱਕ ਕਾਰ ਨਾਲ ਟੱਕਰ ਹੋਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਦੋਸਤਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਉੱਥੇ ਉਸ ਦੀ ਮੌਤ ਹੋ ਗਈ।ਮਲਕੀਤ ਸਿੰਘ ਪਿੱਛੇ ਆਪਣੀ ਪਤਨੀ ਅਤੇ ਦੋ ਨੰਨੇ ਬੱਚੇ ਛੱਡ ਗਿਆ ਹੈ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਲਕੀਤ ਦੀ ਮ੍ਰਿਤਕ ਦੇਹ ਨੂੰ ਵਾਪਸ ਪਿੰਡ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।