ਹਿਮਾਚਲ ਦੀ ਬਲਜੀਤ ਕੌਰ ਬਣੀ 25 ਦਿਨਾਂ ‘ਚ ਚਾਰ 8000 ਮੀਟਰ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ |

ਬਲਜੀਤ ਕੌਰ ਨੇ ਐਤਵਾਰ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਚਾਰ 8,000 ਮੀਟਰ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਰੋਹੀ ਬਣ ਗਈ ਜਦੋਂ ਉਸ ਨੇ 8,516 ਮੀਟਰ ਉੱਚੀ ਦੁਨੀਆ ਦੇ ਚੌਥੇ ਸਭ ਤੋਂ ਉੱਚੇ ਪਹਾੜ ਮਾਊਂਟ ਲਹੋਤਸੇ ਨੂੰ ਸਰ ਕੀਤਾ । ਐਵਰੈਸਟ-ਲਹੋਤਸੇ ਦੀ ਯਾਤਰਾ ਪੂਰੀ ਕਰਦੇ ਹੋਏ ਬਲਜੀਤ ਐਤਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 5:50 ‘ਤੇ ਲਹੋਤਸੇ ਦੇ ਸਿਖ਼ਰ ‘ਤੇ ਪਹੁੰਚੀ । ਇੱਕ ਦਿਨ ਪਹਿਲਾਂ ਉਸ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 4.30 ਵਜੇ ਮਾਉਂਟ ਐਵਰੈਸਟ ਨੂੰ ਸਰ ਕੀਤਾ ਸੀ ।

ਬਲਜੀਤ ਕੌਰ ਨੇ ਆਪਣੇ ਗਾਈਡ ਮਿੰਗਮਾ ਸ਼ੇਰਪਾ ਨਾਲ ਮਿਲ ਕੇ ਲਹੋਤਸੇ ਨੂੰ ਜਿੱਤ ਲਿਆ । ਦੱਸ ਦੇਈਏ ਕਿ ਮਾਊਂਟ ਲਹੋਤਸੇ ਚੌਥੀ 8,000 ਮੀਟਰ ਉੱਚੀ ਚੋਟੀ ਹੈ, ਜਿਸਨੂੰ 27 ਸਾਲਾ ਕੌਰ ਨੇ ਨੇਪਾਲ ਵਿੱਚ ਚੱਲ ਰਹੇ ਚੜ੍ਹਾਈ ਸੀਜ਼ਨ ਦੌਰਾਨ 25 ਦਿਨਾਂ ਦੇ ਅੰਦਰ ਸਰ ਕਰ ਲਿਆ। ਪਿਛਲੇ ਮਹੀਨੇ 28 ਅਪ੍ਰੈਲ ਨੂੰ ਕੌਰ ਨੇ 8,091 ਮੀਟਰ ‘ਤੇ ਦੁਨੀਆ ਦੇ 10ਵੇਂ ਸਭ ਤੋਂ ਉੱਚੇ ਪਰਬਤ ਅੰਨਪੂਰਨਾ ਨੂੰ ਸਰ ਕੀਤਾ ਅਤੇ 12 ਮਈ ਨੂੰ ਉਸਨੇ 8,586 ਮੀਟਰ ‘ਤੇ ਤੀਜੇ ਸਭ ਤੋਂ ਉੱਚੇ ਪਹਾੜ ਕੰਚਨਜੰਗਾ ਨੂੰ ਸਰ ਕੀਤਾ।

ਬਲਜੀਤ ਕੌਰ ਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਰਹਿਣ ਵਾਲੀ ਹੈ, ਉਸ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਦੁਨੀਆ ਦੇ ਸੱਤਵੇਂ ਸਭ ਤੋਂ ਉੱਚੇ ਪਹਾੜ ਧੌਲਾਗਿਰੀ (8,167 ਮੀਟਰ) ਦੀ ਚੜ੍ਹਾਈ ਚੜ੍ਹੀ ਸੀ ਅਤੇ ਰਾਜਸਥਾਨ ਦੀ ਗੁਣਾਬਾਲਾ ਸ਼ਰਮਾ ਦੇ ਨਾਲ ਪੁਮੋਰੀ ਪਹਾੜ (7,161 ਮੀਟਰ) ‘ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਔਰਤ ਬਣੀ । 30 ਸਾਲਾ ਮੋਹਿਤੇ ਇਸ ਸਾਲ 2 ਮਈ ਨੂੰ ਪਹਿਲੀ ਭਾਰਤੀ ਔਰਤ ਬਣੀ ਸੀ ਜਦੋਂ ਉਸ ਨੇ 8,000 ਮੀਟਰ ਉੱਚੀ ਕੰਗਚਨਜੰਗਾ ਦੀ ਪੰਜਵੀਂ ਚੋਟੀ ਸਰ ਕੀਤੀ ਸੀ।

ਬਲਜੀਤ ਨੂੰ ਵਧਾਈ ਦਿੰਦਿਆਂ ਇੰਡੀਅਨ ਮਾਊਂਟੇਨੀਅਰਿੰਗ ਫਾਊਂਡੇਸ਼ਨ ਦੀ ਪ੍ਰਧਾਨ ਹਰਸ਼ਵੰਤੀ ਬਿਸ਼ਟ ਨੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਨਾਲ ਭਾਰਤ ਵਿੱਚ ਪਰਬਤਾਰੋਹੀ ਔਰਤਾਂ ਨੂੰ ਹੁਲਾਰਾ ਮਿਲੇਗਾ। ਬਿਸ਼ਟ ਨੇ ਕਿਹਾ ਕਿ ਭਾਰਤ ਵਿੱਚ ਪਰਬਤਾਰੋਹੀ ਔਰਤਾਂ ਲਈ ਅਜਿਹੀ ਪ੍ਰਾਪਤੀ ਬੇਹੱਦ ਸਕਾਰਾਤਮਕ ਹੈ । ਜ਼ਿਆਦਾ ਤੋਂ ਜ਼ਿਆਦਾ ਭਾਰਤੀ ਮਹਿਲਾ ਪਰਬਤਰੋਹੀਆਂ ਨਵੇਂ ਰਿਕਾਰਡ ਤੋੜ ਰਹੀਆਂ ਹਨ ਅਤੇ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ, ਜੋ ਕਿ ਹੋਰ ਔਰਤਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ।

Leave a Reply

Your email address will not be published.