ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਸੁਰੱਖਿਆ ਪ੍ਰਬੰਧਾਂ ਦੀ ਕਮਜ਼ੋਰੀ ਇਕ ਵਾਰ ਫਿਰ ਸਾਹਮਣੇ ਆਈ ਹੈ। ਹਸਪਤਾਲ ਦੇ ਵਾਰਡ ‘ਚ 10 ਤੋਂ 12 ਅਣਪਛਾਤੇ ਨੌਜਵਾਨਾਂ ਵੱਲੋਂ ਇਕ ਮਰੀਜ਼ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।ਜਾਣਕਾਰੀ ਮੁਤਾਬਕ, 18 ਜੁਲਾਈ ਨੂੰ ਪੀੜਤ ਮਰੀਜ਼ ਦੀ ਕਿਸੇ ਨਾਲ ਝਗੜਾ ਹੋਇਆ ਸੀ, ਜਿਸ ‘ਚ ਉਹ ਜ਼ਖਮੀ ਹੋ ਗਿਆ ਅਤੇ ਰਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪਰ 22 ਜੁਲਾਈ ਨੂੰ ਹਸਪਤਾਲ ਦੇ ਹੀ ਵਾਰਡ ‘ਚ ਵੜ ਕੇ ਹਮਲਾਵਰਾਂ ਨੇ ਉਸ ‘ਤੇ ਮੁੜ ਹਮਲਾ ਕਰ ਦਿੱਤਾ।
ਮੌਕੇ ‘ਤੇ ਥਾਣਾ ਇੰਚਾਰਜ ਕਰਨੈਲ ਸਿੰਘ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਮਾਡਲ ਟਾਊਨ ਚੌਕੀ ਨੂੰ ਸੌਂਪ ਦਿੱਤਾ। ਹਮਲੇ ਦੇ ਦੌਰਾਨ ਹੋਰ ਮਰੀਜ਼ ਵੀ ਵਾਰਡ ‘ਚ ਮੌਜੂਦ ਸਨ, ਜਿਸ ਕਾਰਨ ਹਮਲਾਵਰਾਂ ਨੂੰ ਬਾਹਰ ਕੱਢਣਾ ਪਿਆ।ਇਸ ਘਟਨਾ ਨੇ ਹਸਪਤਾਲ ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਸਵਾਲ ਇਹ ਵੀ ਹੈ ਕਿ ਜਦੋਂ ਹਸਪਤਾਲ ‘ਚ ਸੁਰੱਖਿਆ ਕਰਮੀ ਮੌਜੂਦ ਹਨ ਤਾਂ ਫਿਰ ਅਣਪਛਾਤੇ ਹਮਲਾਵਰ ਅੰਦਰ ਤਕ ਕਿਵੇਂ ਪਹੁੰਚ ਗਏ?ਸਾਰੇ ਦਾਅਵਿਆਂ ਦੇ ਬਾਵਜੂਦ, ਹਸਪਤਾਲ ‘ਚ ਹੋਈ ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਮਰੀਜ਼ਾਂ ਦੀ ਸੁਰੱਖਿਆ ਹਾਲੇ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।