ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਵੱਲੋ ਮਿਲੀ ਖੁਫੀਆ ਜਾਣਕਾਰੀ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੇ ਵਿੱਚ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਅਤੇ ਪਾਕਿਸਤਾਨ ਦੀ ISI ਦੁਆਰਾ ਸੰਚਾਲਿਤ, ਹਰਵਿੰਦਰ ਰਿੰਦਾ ਦੀ ਰਚੀ ਗਈ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਪੰਜਾਬ ਪੁਲਿਸ ਨੇ ਸਫਲਤਾਪੂਰਵਕ ਨਾਕਾਮਜਯਾਬ ਕਰ ਦਿੱਤਾ ਹੈ।
ਏ.ਜੀ.ਟੀ.ਐੱਫ ਦੀਆ ਟੀਮਾਂ ਨੇ ਬੜੀ ਤੇਜੀ ਨਾਲ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਦੇ ਇੱਕ ਜੰਗਲੀ ਇਲਾਕੇ ਤੋਂ ਅੱਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ, ਜਿਸ ਦੇ ਵਿੱਚ ਦੋ AK-47 ਰਾਈਫਲਾਂ 16 ਜ਼ਿੰਦਾ ਕਾਰਤੂਸ, ਦੋ ਮੈਗਜ਼ੀਨ ਅਤੇ ਦੋ P-86 ਹੈਂਡ ਗ੍ਰਨੇਡ ਸ਼ਾਮਲ ਸਨ, ਇਸ ਤੋਂ ਪਹਿਲਾਂ ਕਿ ਇਹ ਰਿੰਦਾ ਦੇ ਸਾਥੀਆਂ ਤੱਕ ਪਹੁੰਚ ਸਕੇ।
ਮੁੱਢਲੀ ਜਾਂਚ ਤੋਂ ਪਤਾ ਚਲਿਆ ਹੈ ਕਿ ਬਰਾਮਦ ਹੋਇਆ ਚੀਜਾਂ ਨੂੰ ਪਾਕਿਸਤਾਨੀ ਏਜੰਸੀਆਂ ਅਤੇ ਹਰਵਿੰਦਰ ਉਰਫ ਰਿੰਦਾ ਦੁਆਰਾ ਜਨਤਕ ਸ਼ਾਂਤੀ ਭੰਗ ਕਰਨ ਲਈ ਪੰਜਾਬ ਵਿੱਚ ਕਈ ਥਾਵਾਂ ‘ਤੇ ਹਮਲੇ ਕਰਨ ਦੀ ਇੱਕ ਸਾਜਿਸ਼ ਦੇ ਹਿੱਸੇ ਵਜੋਂ ਭਾਰਤ ਵਿੱਚ ਭੇਜਿਆ ਗਿਆ ਸੀ। ਵਿਸਫੋਟਕ ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਵਿਖੇ ਐਫ.ਆਈ.ਆਰ ਦਰਜ ਕਰ ਦਿਤੀ ਗਈ ਹੈ।
ਬਰਾਮਦ ਕੀਤੇ ਗਏ ਹਥਿਆਰਾਂ ਦੀ ਖੇਪ ਵਿੱਚ ਸ਼ਾਮਲ ਰਿੰਦਾ ਦੇ ਸੰਚਾਲਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਜਾਂਚ ਜਾਰੀ ਹੈ। ਪੰਜਾਬ ਪੁਲਿਸ ਨਾਗਰਿਕਾਂ ਦੀ ਸੁਰੱਖਿਆ ਦਾ ਬਹੁਤ ਖ਼ਾਸ ਧਿਆਨ ਰੱਖ ਰਹੀ ਹੈ। ਅਧਿਕਾਰੀਆਂ ਅਨੁਸਾਰ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜੋ ਇਸ ਖੇਪ ਰਾਹੀਂ ਰਿੰਦਾ ਨਾਲ ਮਿਲ ਕੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।