ਰੋਹਤਕ ਪੁਲਿਸ ਵਿਭਾਗ ਦੇ ਏਐਸਆਈ ਸੰਦੀਪ ਲਾਠਰ ਦੀ ਖੁਦਕੁਸ਼ੀ ਮਾਮਲੇ ਨੇ ਸਾਰੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ’ਤੇ ਭ੍ਰਿਸ਼ਟਾਚਾਰ ਤੇ ਦਬਾਅ ਦੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਏਐਸਆਈ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਮਰਹੂਮ ਏਐਸਆਈ ਦੇ ਪਰਿਵਾਰ ਲਈ ਵੱਡਾ ਐਲਾਨ ਕੀਤਾ ਗਿਆ ਹੈ।
ਖੱਟਰ ਨੇ ਪੋਸਟਮਾਰਟਮ ਦੌਰਾਨ ਰੋਹਤਕ ਦੇ ਪੀਜੀਆਈ ਵਿੱਚ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਸਰਕਾਰ ਏਐਸਆਈ ਸੰਦੀਪ ਲਾਠਰ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਵੇਗੀ, ਜਦਕਿ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਰਚਾ ਰਾਜ ਸਰਕਾਰ ਚੁੱਕੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਉਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵੀ ਉਠਾਉਣਗੇ ਤਾਂ ਜੋ ਪਰਿਵਾਰ ਨੂੰ ਪੂਰਾ ਨਿਆਂ ਮਿਲ ਸਕੇ।
ਬੁੱਧਵਾਰ ਦੇਰ ਰਾਤ ਪਰਿਵਾਰ ਵੱਲੋਂ ਪੋਸਟਮਾਰਟਮ ਲਈ ਸਹਿਮਤੀ ਦਿੱਤੀ ਗਈ, ਜਿਸ ਤੋਂ ਬਾਅਦ ਲਾਸ਼ ਨੂੰ ਉਨ੍ਹਾਂ ਦੇ ਮਾਮੇ ਦੇ ਪਿੰਡ ਲਾਠੌਤ ਤੋਂ ਪੀਜੀਆਈ ਮੁਰਦਾਘਰ ਭੇਜਿਆ ਗਿਆ। ਏਐਸਆਈ ਸੰਦੀਪ ਲਾਠਰ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਜੁਲਾਨਾ (ਜ਼ਿਲ੍ਹਾ ਜੀਂਦ) ਵਿੱਚ ਕੀਤਾ ਜਾਵੇਗਾ।
ਦੂਜੇ ਪਾਸੇ, ਮਾਮਲੇ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਏਐਸਆਈ ਦੀ ਪਤਨੀ ਸੰਤੋਸ਼ ਲਾਠਰ ਦੇ ਬਿਆਨਾਂ, ਸੁਸਾਈਡ ਨੋਟ ਅਤੇ ਆਖਰੀ ਵੀਡੀਓ ਦੇ ਆਧਾਰ ‘ਤੇ ਕਈ ਉੱਚ ਅਧਿਕਾਰੀਆਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਵਿੱਚ ਮਰਹੂਮ ਆਈਪੀਐਸ ਅਧਿਕਾਰੀ ਦੀ ਪਤਨੀ ਆਈਏਐਸ ਅਧਿਕਾਰੀ ਅਮਨੀਤ ਪੀ. ਕੁਮਾਰ, ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ, ਆਈਜੀ ਦੇ ਸਾਲੇ ਗੰਨਮੈਨ ਸੁਸ਼ੀਲ ਕੁਮਾਰ ਅਤੇ ਏਐਸਆਈ ਸੁਨੀਲ ਕੁਮਾਰ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਹਾਲਾਂਕਿ, ਪੁਲਿਸ ਵੱਲੋਂ ਇਹ ਐਫਆਈਆਰ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ। ਪਰਿਵਾਰ ਤੇ ਸਮਾਜਿਕ ਸੰਗਠਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਮਰਹੂਮ ਏਐਸਆਈ ਨੂੰ ਨਿਆਂ ਮਿਲ ਸਕੇ।