Site icon Punjab Mirror

ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੀਰਤਪੁਰ ਸਾਹਿਬ ਵਿਖੇ ਅੱਜ ਹੋਰ ਰਹੀਆਂ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਜਲ ਪ੍ਰਵਾਹ

ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਦੇ ਨਜ਼ਦੀਕ ਬਣੇ ਅਸਤਘਾਟ ਵਿਖੇ ਜਲ-ਪ੍ਰਵਾਹ ਕੀਤੀਆਂ ਜਾ ਰਹੀਆਂ ਹਨ।

Parkash Singh Badal: ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਦੇ ਨਜ਼ਦੀਕ ਬਣੇ ਅਸਤਘਾਟ ਵਿਖੇ ਜਲ-ਪ੍ਰਵਾਹ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਵੀ ਆਪਣੇ ਨੇਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਪਹੁੰਚ ਰਹੇ ਹਨ।


ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੂਹ ਬਾਦਲ ਪਰਿਵਾਰ 11 ਵਜੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਪਹੁੰਚ ਰਹੇ ਹਨ। 

ਅੰਤਿਮ ਅਰਦਾਸ ਕੱਲ੍ਹ, ਰੂਟ ਪਲਾਨ ਜਾਰੀ

ਉਧਰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਰ ਮਈ ਨੂੰ ਅੰਤਿਮ ਅਰਦਾਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਜਿਲ੍ਹਾ ਪ੍ਰਸਾਸ਼ਨ ਨੇ ਚਾਰ ਮਈ ਨੂੰ ਇਸੇ ਰੂਟ ਪਲਾਨ ਮੁਤਾਬਕ ਸੜਕਾਂ ਉੱਪਰ ਆਵਾਜਾਈ ਦੀ ਸਲਾਹ ਦਿੱਤੀ ਹੈ ਤਾਂ ਜੋ ਕੋਈ ਸਮੱਸਿਆ ਨਾ ਆਵੇ। 

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਰੂਟ ਪਲਾਨ ਮੁਤਾਬਕ ਬਠਿੰਡੇ ਵਾਲੇ ਪਾਸਿਓਂ ਆਉਣ ਵਾਲੇ ਲੋਕਾਂ ਲਈ ਬਾਦਲ ਪਿੰਡ ਤੋਂ ਪਹਿਲਾਂ ਖੱਬੇ ਤੇ ਸੱਜੇ ਹੱਥ ਖਾਲੀ ਖੇਤਾਂ ਵਿੱਚ (60 ਏਕੜ) ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਜਿੱਥੇ ਗੱਡੀਆਂ ਖੜ੍ਹੀਆਂ ਕਰ ਕੇ ਲੋਕ ਲੰਗਰ ਵਾਲੀ ਜਗ੍ਹਾ ਦੇ ਨਾਲ ਦੀ ਹੁੰਦੇ ਹੋਏ ਪੰਡਾਲ ਵਿੱਚ ਪਹੁੰਚ ਸਕਦੇ ਹਨ। 

ਇਸੇ ਤਰ੍ਹਾਂ ਲੰਬੀ, ਖਿਓਵਾਲੀ ਤੇ ਮਹਿਣਾ ਵਾਲੇ ਪਾਸਿਓਂ ਆਉਣ ਵਾਲੇ ਵਾਹਨ ਸਰਕਾਰੀ ਪਸ਼ੂ ਹਸਪਤਾਲ, ਖੇਡ ਸਟੇਡੀਅਮ ਹੁੰਦੇ ਹੋਏ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਦੇ ਪਿਛਲੇ ਪਾਸੇ ਪਹੁੰਚ ਕੇ ਮਿੱਠੜੀ ਰੋਡ ’ਤੇ ਬਣੀ ਪਾਰਕਿੰਗ ਵਿੱਚ ਵਹੀਕਲ ਖੜ੍ਹੇ ਕਰ ਕੇ ਲੰਗਰ ਵਾਲੀ ਜਗ੍ਹਾ ਦੇ ਨਾਲ ਦੀ ਹੁੰਦੇ ਹੋਏ ਮੁੱਖ ਪੰਡਾਲ ਵਿੱਚ ਪਹੁੰਚ ਸਕਦੇ ਹਨ। 

ਇਸ ਤੋਂ ਇਲਾਵਾ ਸਿੰਘੇਵਾਲਾ ਤੋਂ ਆਉਣ ਵਾਲੀਆਂ ਗੱਡੀਆਂ ਮਿੱਠੜੀ ਰੋਡ ਪਾਰਕਿੰਗ ਤੱਕ ਪਹੁੰਚ ਸਕਦੀਆਂ ਹਨ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਅੰਤਿਮ ਅਰਦਾਸ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਵੱਡੀ ਗਿਣਤੀ ਵਿੱਚ ਪੁੱਜਣ ਵਾਲੇ ਆਮ ਲੋਕਾਂ ਤੇ ਵੀਵੀਆਈਪੀਜ਼ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਤੇ ਪ੍ਰਸ਼ਾਸਨ ਵਿੱਚ ਬਿਹਤਰ ਤਾਲਮੇਲ ’ਤੇ ਜ਼ੋਰ ਦਿੱਤਾ।

Exit mobile version