ਭਾਰਤ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੜਕ ਹਾਦਸਿਆਂ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਨਵਾਂ ਕਦਮ ਚੁੱਕਦਿਆਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਵੀ ਨਾਗਰਿਕ ਸੜਕ ਹਾਦਸੇ ਦੇ ਪੀੜਤ ਦੀ ਤੁਰੰਤ ਸਹਾਇਤਾ ਕਰਦਾ ਹੈ ਅਤੇ ਉਸਨੂੰ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਪਹੁੰਚਾਉਂਦਾ ਹੈ, ਤਾਂ ਉਸ ਵਿਅਕਤੀ ਨੂੰ 25,000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਗਡਕਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਹਰ ਨਾਗਰਿਕ ਆਪਣਾ ਫਰਜ਼ ਸਮਝਦਿਆਂ ਸੜਕ ਹਾਦਸਿਆਂ ’ਚ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਪਹੁੰਚਾਏ, ਤਾਂ ਦੇਸ਼ ’ਚ ਹਰ ਸਾਲ ਲਗਭਗ 50 ਹਜ਼ਾਰ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।
ਉਹ ਵੀਰਵਾਰ ਨੂੰ ਨਵੀਂ ਦਿੱਲੀ ’ਚ ਫਿੱਕੀ (ਫੈਡਰੇਸ਼ਨ ਆਫ਼ ਇੰਡੀਆਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ) ਵੱਲੋਂ ਆਯੋਜਿਤ 7ਵੇਂ ਸੜਕ ਸੁਰੱਖਿਆ ਐਵਾਰਡ ਅਤੇ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਸੜਕ ਸੁਰੱਖਿਆ ਲਈ ਵੱਡੇ ਪੱਧਰ ’ਤੇ ਨੀਤੀਆਂ ’ਚ ਸੁਧਾਰ ਕਰ ਰਹੀ ਹੈ, ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਹਾਦਸਿਆਂ ਦੀ ਗਿਣਤੀ ਵਿਚ ਉਮੀਦ ਦੇ ਅਨੁਸਾਰ ਕਮੀ ਨਹੀਂ ਆ ਰਹੀ।
ਉਪਲਬਧ ਅੰਕੜਿਆਂ ਮੁਤਾਬਕ, ਭਾਰਤ ’ਚ ਹਰ ਸਾਲ ਲਗਭਗ 5 ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ ’ਚ ਕਰੀਬ 1.8 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਦੇਸ਼ ਨੂੰ ਹਰ ਸਾਲ ਕੁੱਲ ਘਰੇਲੂ ਉਤਪਾਦ (GDP) ਦਾ 3 ਫੀਸਦੀ ਨੁਕਸਾਨ ਵੀ ਝੱਲਣਾ ਪੈਂਦਾ ਹੈ।
ਇਸ ਮੌਕੇ ਨਿਤਿਨ ਗਡਕਰੀ ਨੇ ਹਾਦਸਿਆਂ ਤੋਂ ਬਾਅਦ ਪੀੜਤਾਂ ਲਈ ਇੱਕ ਹੋਰ ਵੱਡੀ ਸਹੂਲਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇ ਕੋਈ ਹਾਦਸੇ ਦਾ ਸ਼ਿਕਾਰ ਵਿਅਕਤੀ 7 ਦਿਨਾਂ ਤੱਕ ਹਸਪਤਾਲ ’ਚ ਦਾਖ਼ਲ ਰਹਿੰਦਾ ਹੈ, ਤਾਂ ਉਸ ਲਈ 1.5 ਲੱਖ ਰੁਪਏ ਤੱਕ ਦਾ ਬੀਮਾ ਕਵਰੇਜ ਉਪਲਬਧ ਕਰਵਾਇਆ ਜਾਵੇਗਾ। ਇਹ ਨਵਾਂ ਬੀਮਾ ਕਵਰੇਜ ਨਾ ਸਿਰਫ਼ ਰਾਸ਼ਟਰੀ ਰਾਜਮਾਰਗਾਂ ’ਤੇ, ਸਗੋਂ ਰਾਜ ਸੜਕਾਂ, ਨਗਰ ਪਾਲਿਕਾ ਸੜਕਾਂ ਅਤੇ ਪਿੰਡਾਂ ਦੀਆਂ ਸੜਕਾਂ ’ਤੇ ਵੀ ਲਾਗੂ ਹੋਵੇਗਾ।
ਮੰਤਰੀ ਨੇ ਅੰਤ ’ਚ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਹਰ ਨਾਗਰਿਕ ਜੇ ਇਸ ਮਿਸ਼ਨ ਵਿਚ ਆਪਣਾ ਯੋਗਦਾਨ ਪਾਏ ਤਾਂ ਲੱਖਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।