ਜੈਸਲਮੇਰ (ਰਾਜਸਥਾਨ) – ਭਾਰਤ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। ਜੈਸਲਮੇਰ ਦੇ ਚਾਂਧਨ ਖੇਤਰ ਵਿਚ ਸਥਿਤ ਡੀਆਰਡੀਓ (ਰੱਖਿਆ ਖੋਜ ਅਤੇ ਵਿਕਾਸ ਸੰਗਠਨ) ਦੇ ਗੈਸਟ ਹਾਊਸ ਵਿਚ ਕੰਮ ਕਰ ਰਿਹਾ ਪ੍ਰਬੰਧਕ ਮਹੇਂਦਰ ਪ੍ਰਸਾਦ, ਜਿਸ ਉੱਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਸ਼ੱਕ ਹੈ, ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ।ਪੁਲਸ ਮੁਤਾਬਕ ਮਹੇਂਦਰ ਪ੍ਰਸਾਦ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦਾ ਨਿਵਾਸੀ ਹੈ ਅਤੇ ਉਹ ਡੀਆਰਡੀਓ ਦੇ ਗੈਸਟ ਹਾਊਸ ਵਿਚ ਇੰਚਾਰਜ ਦੇ ਤੌਰ ‘ਤੇ ਕੰਮ ਕਰ ਰਿਹਾ ਸੀ। ਜੈਸਲਮੇਰ ਦੇ ਐਸ.ਪੀ. ਅਭਿਸ਼ੇਕ ਸ਼ਿਵਹਰੇ ਨੇ ਦੱਸਿਆ ਕਿ ਉਨ੍ਹਾਂ ਨੇ ਉਸਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਹੁਣ ਸੰਯੁਕਤ ਪੁੱਛਗਿੱਛ ਕੀਤੀ ਜਾ ਰਹੀ ਹੈ।
ਪ੍ਰਸਾਦ ਉੱਤੇ ਇਲਜ਼ਾਮ ਹੈ ਕਿ ਉਸ ਨੇ ਰਣਨੀਤਕ ਗਤੀਵਿਧੀਆਂ ਨਾਲ ਸੰਬੰਧਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਤੱਕ ਪਹੁੰਚਾਈ। ਯਾਦ ਰਹੇ ਕਿ ਡੀਆਰਡੀਓ ਜੈਸਲਮੇਰ ਦੇ ਪੋਕਰਣ ਫਾਇਰਿੰਗ ਰੇਂਜ ‘ਚ ਮਿਜ਼ਾਈਲਾਂ ਅਤੇ ਹਥਿਆਰਾਂ ਦੀ ਜਾਂਚ ਕਰਦਾ ਹੈ, ਅਤੇ ਇਨ੍ਹਾਂ ਟੈਸਟਾਂ ਦੌਰਾਨ ਕਈ ਮਾਹਿਰ ਅਤੇ ਅਧਿਕਾਰੀ ਗੈਸਟ ਹਾਊਸ ‘ਚ ਠਹਿਰਦੇ ਹਨ।