Site icon Punjab Mirror

ਨਵੇਂ ਸਾਲ ‘ਤੇ ਮਾਸਟਰ ਕਾਡਰ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ , ਸੀਐਮ ਭਗਵੰਤ ਮਾਨ ਦਾ ਦਾਅਵਾ, ਹੁਣ ਤੱਕ 21404 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ

ਮੁੱਖ ਮੰਤਰੀ ਨੇ ਦੱਸਿਆ ਕਿ ਨਵੇਂ ਸਾਲ ਮੌਕੇ ਮਾਸਟਰ ਕਾਡਰ ਦੇ 3000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ ਜਿਸ ਨਾਲ ਸਾਡੀ ਸਕੂਲ ਸਿੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 21404 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਨਾਲ ਹੀ ਨਵੇਂ ਸਾਲ ‘ਤੇ ਮਾਸਟਰ ਕਾਡਰ ਦੇ 3000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ‘ਯੋਗ ਨੌਜਵਾਨਾਂ ਨੂੰ ਰੁਜ਼ਗਾਰ’ ਦੇਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਸੂਬਾ ਸਰਕਾਰ ਨੇ 9 ਮਹੀਨਿਆਂ ਵਿਚ 21404 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦੇ ਦਿੱਤੇ ਹਨ ਅਤੇ ਹੋਰ ਵੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਭਰਤੀ ਪ੍ਰਕਿਰਿਆ ਨਿਰੋਲ ਮੈਰਿਟ ਆਧਾਰ ਉਤੇ ਕੀਤੀ ਗਈ ਹੈ। 

ਮੁੱਖ ਮੰਤਰੀ ਨੇ ਦੱਸਿਆ ਕਿ ਨਵੇਂ ਸਾਲ ਮੌਕੇ ਮਾਸਟਰ ਕਾਡਰ ਦੇ 3000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ ਜਿਸ ਨਾਲ ਸਾਡੀ ਸਕੂਲ ਸਿੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਪੁਲੀਸ ਵਿਭਾਗ ਵਿਚ ਹਰੇਕ ਸਾਲ 1800 ਕਾਂਸਟੇਬਲ ਅਤੇ 300 ਸਬ ਇੰਸਪੈਕਟਰ ਭਰਤੀ ਕਰਨ ਦਾ ਇਤਿਹਾਸਕ ਫੈਸਲਾ ਲਿਆ ਗਿਆ ਅਤੇ ਪ੍ਰੀਖਿਆਵਾਂ ਦੀਆਂ ਤਰੀਕਾਂ ਵੀ ਤੈਅ ਕਰ ਦਿੱਤੀਆਂ ਗਈਆਂ ਹਨ ਜਿਸ ਨਾਲ ਹੁਣ ਨੌਜਵਾਨਾਂ ਨੂੰ ਤਿਆਰੀ ਕਰਨ ਦਾ ਸਮਾਂ ਮਿਲੇਗਾ।

ਅੱਜ ਇੱਥੇ ਮਿਊਂਸਪਲ ਭਵਨ ਵਿਖੇ ਮਾਰਕਫੈੱਡ ਵਿਚ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਤੇ ਨਵੇਂ ਉਤਪਾਦਾਂ ਦੀ ਸ਼ੁਰੂਆਤ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਸਟੀਲ, ਵਰਬੀਓ, ਫਰੇਡਨਬਰਗ, ਸਨਾਥਨ ਟੈਕਸਟਾਈਲ ਵਰਗੇ ਵੱਡੇ ਉਦਯੋਗ ਘਰਾਣਿਆਂ ਨੇ ਸਾਡੀਆਂ ਉਦਯੋਗਿਕ ਨੀਤੀਆਂ ਵਿਚ ਵਿਸ਼ਵਾਸ ਪ੍ਰਗਟਾਉਂਦੇ ਹੋਏ ਨਿਵੇਸ਼ ਕਰਨ ਲਈ ਇਕਰਾਰਨਾਮੇ ਕੀਤੇ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਹਾਸਲ ਹੋਣਗੀਆਂ। 

ਉਨ੍ਹਾਂ ਕਿਹਾ ਕਿ ਉਦਯੋਗ ਪੱਖੀ ਮਾਹੌਲ ਤੇ ਕਾਰੋਬਾਰ ਨੂੰ ਸੁਖਾਲਾ ਕਰਨ ਦੀਆਂ ਨੀਤੀਆਂ ਸਦਕਾ ਪਿਛਲੇ 9 ਮਹੀਨਿਆਂ ਵਿਚ ਸੂਬੇ ਵਿਚ 30,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

Exit mobile version