ਅਨੰਦਪੁਰ ਸਾਹਿਬ/ਰੂਪਨਗਰ : ਪੰਜਾਬ ਦੇ ਉੱਚ ਸਿੱਖਿਆ ਖੇਤਰ ਵਿਚ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੇ ਸੰਕਟ ਨੇ ਅੱਜ ਵੱਡਾ ਰੂਪ ਧਾਰ ਲਿਆ, ਜਦੋਂ ਸੂਬੇ ਦੇ 136 ਏਡਿਡ ਕਾਲਜਾਂ ਦੇ ਹਜ਼ਾਰਾਂ ਪ੍ਰੋਫੈਸਰ ਆਪਣੀਆਂ ਬਕਾਇਆ ਤਨਖਾਹਾਂ ਦੀ ਰਿਹਾਈ ਲਈ ਸੜਕਾਂ ‘ਤੇ ਉਤਰ ਆਏ। ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀਸੀਸੀਟੀਯੂ) ਦੇ ਬੈਨਰ ਹੇਠ ਇਕੱਠੇ ਹੋਏ ਪ੍ਰੋਫੈਸਰਾਂ ਨੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਭੀਰਪੁਰਾ ਪਹੁੰਚ ਕੇ ਉਨ੍ਹਾਂ ਦੇ ਘਰ ਦਾ ਘਿਰਾਓ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਰੇਬਾਜ਼ੀ ਕੀਤੀ।
ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਅਧਿਆਪਕ ਸਵੇਰੇ ਤੋਂ ਹੀ ਗੰਭੀਰਪੁਰਾ ਵਿਚ ਇਕੱਠੇ ਹੋਣ ਲੱਗ ਪਏ ਸਨ। ਦੁਪਹਿਰ ਤੱਕ ਮੰਤਰੀ ਦੇ ਘਰ ਅੱਗੇ ਵੱਡਾ ਜਥਾ ਇਕੱਠਾ ਹੋ ਗਿਆ। ਪ੍ਰੋਫੈਸਰਾਂ ਨੇ ਸਰਕਾਰ ਖ਼ਿਲਾਫ਼ ਗੁੱਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਛੇ ਮਹੀਨਿਆਂ ਤੋਂ ਤਨਖਾਹਾਂ ਰੋਕਣਾ ਨਾ ਸਿਰਫ਼ ਅਧਿਆਪਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ, ਸਗੋਂ ਸਿੱਖਿਆ ਪ੍ਰਣਾਲੀ ਲਈ ਵੀ ਘਾਤਕ ਹੈ। ਬਾਅਦ ਵਿਚ ਯੂਨੀਅਨ ਮੈਂਬਰਾਂ ਨੇ ਪਿੰਡ ਵਿਚ ਰੋਸ ਮਾਰਚ ਕੱਢ ਕੇ ਲੋਕਾਂ ਦਾ ਧਿਆਨ ਇਸ ਗੰਭੀਰ ਮਾਮਲੇ ਵੱਲ ਖਿੱਚਿਆ।
ਆਲ ਇੰਡੀਆ ਫੈਡਰੇਸ਼ਨ ਆਫ ਕਾਲਜ ਐਂਡ ਯੂਨੀਵਰਸਿਟੀ ਟੀਚਰਜ਼ ਦੇ ਵਾਈਸ ਪ੍ਰੈਜ਼ੀਡੈਂਟ ਡਾ. ਵਿਨੇ ਸੋਫਤ ਨੇ ਭਗਵੰਤ ਮਾਨ ਸਰਕਾਰ ‘ਤੇ ਤਿੱਖੇ ਹਮਲੇ ਕਰਦੇ ਹੋਏ ਇਸਨੂੰ “ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਵਾਅਦੇ ਕਰਨ ਵਾਲੀ ਸਰਕਾਰ ਨੇ ਰਾਸ਼ਟਰ ਨਿਰਮਾਤਾ ਪ੍ਰੋਫੈਸਰਾਂ ਨੂੰ ਛੇ ਮਹੀਨਿਆਂ ਤੋਂ ਤਨਖਾਹ ਤੋਂ ਵਾਂਝਾ ਕਰਕੇ ਘਰੇਲੂ ਰੋਜ਼ੀ-ਰੋਟੀ ਤੱਕ ਲਈ ਮੁਹਤਾਜ਼ ਕਰ ਦਿੱਤਾ ਹੈ। ਡਾ. ਸੋਫਤ ਨੇ ਸਪੱਸ਼ਟ ਮੰਗ ਰੱਖੀ ਕਿ ਉਚੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਤੁਰੰਤ ਪ੍ਰਭਾਵ ਨਾਲ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ।
ਯੂਨੀਅਨ ਦੇ ਜਨਰਲ ਸਕੱਤਰ ਡਾ. ਐੱਸ. ਐੱਸ. ਰੰਧਾਵਾ ਨੇ ਖੁਲਾਸਾ ਕੀਤਾ ਕਿ ਸਰਕਾਰ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਕਾਰਨ ਪਿਛਲੇ ਪੰਜ ਮਹੀਨਿਆਂ ਦੀ ਤਨਖਾਹ ਦਾ ਬਿਲ 12 ਅਗਸਤ ਤੋਂ ਖ਼ਜ਼ਾਨੇ ਵਿੱਚ ਅਟਕਿਆ ਪਿਆ ਹੈ, ਪਰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਫੰਡ ਜਾਰੀ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਪਿਛਲੀ ਸਰਕਾਰ ਨੇ ਪ੍ਰੋਫੈਸਰਾਂ ਨਾਲ ਐਸਾ ਅਨਿਆਇ ਨਹੀਂ ਕੀਤਾ।
ਪੀਸੀਸੀਟੀਯੂ ਦੀ ਸੂਬਾਈ ਪ੍ਰਧਾਨ ਡਾ. ਸੀਮਾ ਜੇਤਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਪ੍ਰਭਾਵ ਨਾਲ ਬਕਾਇਆ ਤਨਖਾਹਾਂ ਦੇ ਫੰਡ ਜਾਰੀ ਕਰੇ ਅਤੇ ਭਵਿੱਖ ਵਿੱਚ ਹਰ ਮਹੀਨੇ ਗਰਾਂਟ ਜਾਰੀ ਕਰਨ ਦੀ ਯਕੀਨੀ ਬਣਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਰਾਜ ਪੱਧਰ ‘ਤੇ ਸੰਘਰਸ਼ ਨੂੰ ਹੋਰ ਵਧਾਇਆ ਜਾਵੇਗਾ ਅਤੇ ਸਰਕਾਰ ਨੂੰ ਇਸ ਦੀ ਵੱਡੀ ਕ਼ੀਮਤ ਚੁਕਾਉਣੀ ਪਵੇਗੀ।
ਪ੍ਰੋਫੈਸਰਾਂ ਦੇ ਇਸ ਰੋਸ ਪ੍ਰਦਰਸ਼ਨ ਕਾਰਨ ਖੇਤਰ ਵਿਚ ਭਾਰੀ ਪੁਲਿਸ ਬੰਦੋਬਸਤ ਕੀਤਾ ਗਿਆ। ਪਿੰਡ ਗੰਭੀਰਪੁਰਾ ਵਿਚ ਦਿਨ ਭਰ ਤਣਾਅ ਦਾ ਮਾਹੌਲ ਬਣਿਆ ਰਿਹਾ, ਹਾਲਾਂਕਿ ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋਇਆ।