ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅੱਜ ਸਵੇਰੇ ਕੰਪਨੀ ਗਾਰਡਨ ਨੇੜੇ ਪੁਰਾਣੇ ਬੱਚਾ ਵਾਰਡ ਦੇ ਸਾਹਮਣੇ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁੱਠਭੇੜ ਹੋਈ। ਇਸ ਦੌਰਾਨ ਗੈਂਗਸਟਰ ਨੇ ਪੁਲਿਸ ‘ਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿਚ ਪੁਲਿਸ ਵਲੋਂ ਵੀ ਗੋਲੀ ਚਲਾਈ ਗਈ। ਗੋਲੀਬਾਰੀ ਦੌਰਾਨ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ।
ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਆਰੋਪੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਲੁੱਟ, ਫਿਰੌਤੀ ਅਤੇ ਹੋਰ ਗੰਭੀਰ ਮਾਮਲਿਆਂ ‘ਚ ਲੋੜੀਂਦਾ ਸੀ।ਮੁਠਭੇੜ ਤੋਂ ਬਾਅਦ ਪੁਲਿਸ ਨੇ ਕ੍ਰਿਸਟਲ ਚੌਕ ਤੋਂ ਬੱਚਾ ਵਾਰਡ ਵਾਲਾ ਰਾਸਤਾ ਬੰਦ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਜਲਦੀ ਹੀ ਇਸ ਮਾਮਲੇ ‘ਤੇ ਹੋਰ ਜਾਣਕਾਰੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਗੁਰਦਾਸਪੁਰ ‘ਚ ਵੀ ਇੱਕ ਅਜਿਹੀ ਹੀ ਘਟਨਾ ਹੋਈ ਸੀ, ਜਿੱਥੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ ਸੀ। ਪਿਛਲੇ ਦਿਨੀਂ ਗੁਰਦਾਸਪੁਰ ‘ਚ ਪੰਜਾਬ ਵਾਚ ਕੰਪਨੀ ਦੀ ਦੁਕਾਨ ‘ਤੇ ਗੋਲੀਬਾਰੀ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ। ਇਸ ਦੌਰਾਨ ਗੈਂਗਸਟਰਾਂ ਨਾਲ ਮੁਠਭੇੜ ਹੋਈ, ਜੋ ਬਬੜੀ ਬਾਈਪਾਸ ਅਤੇ ਨਵੀਪੁਰ ਦੇ ਵਿਚਕਾਰ ਗੰਦੇ ਨਾਲੇ ਨੇੜੇ ਵਾਪਰੀ।